ਮੁਥੂਟ ਫਾਇਨਾਂਸ ਕੰਪਨੀ ’ਚ ਡਾਕਾ ਮਾਰਨ ਆਏ ਚਾਰ ਕਾਬੂ

ਲੁਧਿਆਣਾ, 16 ਅਕਤੂਬਰ

ਇਥੋਂ ਦੀ ਦੁੱਗਰੀ ਰੋਡ ’ਤੇ ਮੁਥੂਟ ਫਾਇਨਾਂਸ ਕੰਪਨੀ ’ਚ 6 ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਕੰਪਨੀ ਦੇ ਦਫ਼ਤਰ ਅੰਦਰ ਅੰਨ੍ਹੇਵਾਹ ਗੋਲੀਆਂ ਚਲਾਈਆਂ। ਲੁਟੇਰੇ 15 ਕਰੋੜ ਰੁਪਏ ਦੇ ਕਰੀਬ ਦਾ ਸੋਨਾ ਤਿੰਨ ਬੈਗਾਂ ’ਚ ਭਰ ਕੇ ਫ਼ਰਾਰ ਹੋਣ ਲੱਗੇ ਸਨ ਪਰ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਜਦਕਿ ਤਿੰਨ ਫਰਾਰ ਹੋ ਗਏ। ਲੁਟੇਰਿਆਂ ਨੇ ਕੰਪਨੀ ਦੇ ਚਾਰ ਮੁਲਾਜ਼ਮਾਂ ਤੇ ਰਾਹਗੀਰ ’ਤੇ ਗੋਲੀਆਂ ਚਲਾਈਆਂ।

ਮੁਥੂਟ ਫਾਇਨਾਂਸ ਕੰਪਨੀ ਦਾ ਦੁੱਗਰੀ ਰੋਡ ’ਤੇ ਪਹਿਲੀ ਮੰਜ਼ਿਲ ’ਤੇ ਦਫ਼ਤਰ ਹੈ ਜਿੱਥੇ ਲੋਕਾਂ ਦੇ ਗਹਿਣੇ ਗਿਰਵੀ ਰੱਖ ਕੇ ਉਨ੍ਹਾਂ ਨੂੰ ਲੋਨ ਦਿੱਤਾ ਜਾਂਦਾ ਹੈ। ਇਥੇ ਸਵੇਰ ਵੇਲੇ ਤਿੰਨ ਮੋਟਰਸਾਈਕਲਾਂ ’ਤੇ ਛੇ ਜਣੇ ਆਏ। ਲੁਟੇਰਿਆਂ ਨੇ ਸਕਿਉਰਿਟੀ ਗਾਰਡ ਗੁਰਮੀਤ ਨੂੰ ਰੱਸੀ ਨਾਲ ਬੰਨ੍ਹ ਦਿੱਤਾ। ਉਸ ਤੋਂ ਬਾਅਦ ਰਾਜਨ ਅਤੇ ਉਸ ਨਾਲ ਔਰਤ ਕਰਮਚਾਰੀ ਨੂੰ ਵੀ ਬੰਦੀ ਬਣਾ ਲਿਆ। ਕੁੱਝ ਸਮਾਂ ਬਾਅਦ ਬਰਾਂਚ ਮੈਨੇਜਰ ਸਤਜੀਤ ਆਇਆ ਤਾਂ ਲੁਟੇਰੇ ਉਸ ਨੂੰ ਵੀ ਹਥਿਆਰ ਦੇ ਜ਼ੋਰ ਨਾਲ ਅੰਦਰ ਲੈ ਗਏ। ਉਹ ਸਤਜੀਤ ਨੂੰ ਸੇਫ ਕੋਲ ਲੈ ਗਏ ਜਿੱਥੇ ਕਰੀਬ 15 ਕਰੋੜ ਰੁਪਏ ਦਾ ਸੋਨਾ ਅਤੇ ਲੱਖਾਂ ਰੁਪਏ ਦੀ ਨਗਦੀ ਪਈ ਸੀ। ਲੁਟੇਰਿਆਂ ਨੇ ਤਿੰਨ ਬੈਗਾਂ ਵਿੱਚ ਗਹਿਣੇ ਭਰ ਲਏ ਅਤੇ ਕੈਸ਼ ਵੀ ਵੱਖ ਰੱਖ ਲਿਆ। ਇਸ ਦੌਰਾਨ ਬਰਾਂਚ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੂੰ 9 ਵਜੇ ਤੱਕ ਪੰਚਿੰਗ ਕਰ ਆਪਣੀ ਹਾਜ਼ਰੀ ਦੇਣੀ ਹੁੰਦੀ ਹੈ ਪਰ ਸਵਾ ਨੌਂ ਵਜੇ ਤਕ ਕਿਸੇ ਨੇ ਵੀ ਹਾਜ਼ਰੀ ਨਹੀਂ ਲਾਈ ਜਿਸ ਕਾਰਨ ਹੈੱਡ ਆਫਿਸ ਵਾਲਿਆਂ ਨੇ ਸੀਸੀਟੀਵੀ ਕੈਮਰੇ ਜਾਂਚੇ ਤਾਂ ਪਤਾ ਲੱਗਾ ਕਿ ਬਰਾਂਚ ਅੰਦਰ ਲੁਟੇਰੇ ਹਨ। ਉਨ੍ਹਾਂ ਇਸ ਦੀ ਤੁਰੰਤ ਜਾਣਕਾਰੀ ਪੁਲੀਸ ਨੂੰ ਦਿੱਤੀ। ਇਸ ਦੌਰਾਨ ਪੁਲੀਸ ਹੂਟਰ ਮਾਰਦੀ ਆਈ ਤਾਂ ਲੁਟੇਰਿਆਂ ਨੇ ਬਾਹਰ ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਮੋਟਰਸਾਈਕਲ ’ਤੇ ਫਰਾਰ ਹੋਣ ਲੱਗੇ ਸਨ ਕਿ ਦੋ ਜਣੇ ਹੇਠਾਂ ਡਿੱਗ ਗਏ। ਇਸ ਦੌਰਾਨ ਮਹਿੰਦਰ ਸਿੰਘ, ਅਦਿੱਤਿਆ ਸ਼ਰਮਾ, ਸੁਰਿੰਦਰ ਕੁਮਾਰ ਤੇ ਰਾਹਗੀਰ ਦੀਪਕ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ।

ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਵੈਸ਼ਾਲੀ ਜ਼ਿਲ੍ਹਾ ਵਾਸੀ ਰੌਸ਼ਨ ਕੁਮਾਰ, ਸੌਰਵ ਕੁਮਾਰ ਅਤੇ ਨਾਲੰਦਾ ਵਾਸੀ ਕਮਲੇਸ਼ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਫ਼ਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਕੋਲੋਂ ਤਿੰਨ ਦੇਸੀ ਪਿਸਤੌਲਾਂ ਸਮੇਤ ਤੀਹ ਕਾਰਤੂਸ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

Leave a Reply

Your email address will not be published.