ਕਿਸਾਨ ਸੰਘਰਸ਼: ਅੱਜ ਫੂਕੇ ਜਾਣਗੇ ਪ੍ਰਧਾਨ ਮੰਤਰੀ ਦੇ ਪੁਤਲੇ

ਚੰਡੀਗੜ੍ਹ, 16 ਅਕਤੂਬਰ

ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਲਗਾਤਾਰ 16ਵੇਂ ਦਿਨ ਪੰਜਾਬ ਭਰ ’ਚ ਰੋਸ ਮੁਜ਼ਾਹਰੇ ਕੀਤੇ। ਸੂਬੇ ਦਾ ਪੂਰੇ ਦੇਸ਼ ਨਾਲੋਂ ਰੇਲ ਸੰਪਰਕ ਟੁੱਟਿਆਂ ਅੱਜ 20 ਤੋਂ ਵੱਧ ਦਿਨ ਹੋ ਗਏ ਹਨ ਅਤੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ’ਚ ਵੀ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ। ਕਿਸਾਨਾਂ ਨੇ ਅੱਜ ਕਰੀਬ 150 ਥਾਵਾਂ ’ਤੇ ਧਰਨੇ ਮੁਜ਼ਾਹਰੇ ਕੀਤੇ। ਸੂਬੇ ਦੀਆਂ ਖੱਬੇਪੱਖੀ ਤੇ ਹੋਰਨਾਂ ਜਥੇਬੰਦੀਆਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਨੇ ਰੇਲ ਮਾਰਗਾਂ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਪੈਟਰੋਲ ਪੰਪਾਂ ਅਤੇ ਹੋਰਨਾਂ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ। ਕਿਸਾਨ ਅੰਦੋਲਨ ਦੇ ਚਲਦਿਆਂ ਸੂਬਾਈ ਅਤੇ ਕੌਮੀ ਮਾਰਗਾਂ ਤੋਂ ਟੌਲ ਨਾਕਿਆਂ ਦੇ ਮੁਲਾਜ਼ਮਾਂ ਨੇ ਵਸੂਲੀ ਮੁਕੰਮਲ ਬੰਦ ਕਰ ਦਿੱਤੀ ਹੈ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨਾਂ ਦੇ ਇਕੱਠਾਂ ਦੌਰਾਨ ਅੱਜ ਮਤੇ ਪਾਸ ਕਰਕੇ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਅਹਿਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਤਲੇ ਫੂਕਣ ਵਾਲੀ ਮੁਹਿੰਮ ਭਲਕੇ ਜ਼ੋਰ ਸ਼ੋਰ ਨਾਲ ਚਲਾਈ ਜਾਵੇਗੀ ਤਾਂ ਜੋ ਕੇਂਦਰ ਸਰਕਾਰ ਦਾ ਹੈਂਕੜ ਭਰੇ ਵਤੀਰੇ ਨੂੰ ਸਖ਼ਤ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਖੇਤੀ ਬਿਲਾਂ ਦੇ ਮੁੱਦੇ ’ਤੇ ਇਕਮੱਤ ਤੇ ਇਕਜੁੱਟ ਹਨ। ਇਸ ਲਈ ਭਾਜਪਾ ਅਤੇ ਕੇਂਦਰ ਸਰਕਾਰ ਲਈ ਪੰਜਾਬ ਵਿੱਚੋਂ ਉਠਿਆ ਕਿਸਾਨੀ ਅੰਦੋਲਨ ਬਹੁਤ ਭਾਰੀ ਪਵੇਗਾ। ਕਿਸਾਨ ਇਕੱਠਾਂ ਦੌਰਾਨ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਦਰਜ ਕੀਤੇ ਜਾ ਰਹੇ ਕੇਸਾਂ ਦੀ ਨਿੰਦਾ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਪਹਿਲੀ ਅਕਤੂਬਰ ਤੋਂ ਹੀ ਟੌਲ ਪਲਾਜ਼ਿਆਂ ਅਤੇ ਪੈਟਰੋਲ ਪੰਪਾਂ ਦਾ ਘਿਰਾਓ ਜਾਰੀ ਹੈ। ਇਨ੍ਹਾਂ ਨਾਕਿਆਂ ’ਤੇ ਧਰਨਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਚੰਡੀਗੜ੍ਹ ਦੇ ਆਸ ਪਾਸ ਵੀ ਸਾਰੇ ਟੌਲ ਪਲਾਜ਼ਿਆਂ ਤੋਂ ਵਸੂਲੀ ਠੱਪ ਹੋ ਗਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 24 ਸਤੰਬਰ ਤੋਂ ਅੰਮ੍ਰਿਤਸਰ ਤੇ ਫਿਰੋਜ਼ਪੁਰ ’ਚ ਰੇਲ ਮਾਰਗਾਂ ਉੱਪਰ ਲਗਾਤਾਰ ਧਰਨੇ ਜਾਰੀ ਹੈ। ਇਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਰੇਲ ਟਰੈਕਾਂ ਉੱਤੇ ਚੱਲ ਰਹੇ ਧਰਨਿਆਂ ਸਬੰਧੀ ਅਗਲੀ ਰਣਨੀਤੀ ਦਾ ਐਲਾਨ 17 ਅਕਤੂਬਰ ਨੂੰ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀਬਾੜੀ ਦੇ ਸੰਘੀ ਢਾਂਚੇ ਨੂੰ ਤਬਾਹ ਕਰਨ ਵਾਲੇ ਤਿੰਨੋਂ ਖੇਤੀ ਆਰਡੀਨੈਂਸ 21ਵੀਂ ਸਦੀ ਦਾ ਇਤਿਹਾਸਕ ਫ਼ੈਸਲਾ ਦੱਸ ਰਹੇ ਹਨ ਪਰ ਜਿਹੜੇ ਕਾਨੂੰਨ ਲੋਕਾਂ ਨੂੰ ਵਾਰਾ ਨਹੀਂ ਉਹ ਕਾਨੂੰਨ ਇਤਿਹਾਸ ’ਚ ਵੀ ਤੋੜੇ ਜਾਂਦੇ ਰਹੇ ਹਨ ਤੇ ਹੁਣ ਵੀ ਪੰਜਾਬ ਤੇ ਦੇਸ਼ ਦੇ ਕਿਸਾਨ ਇਹ ਕਾਨੂੰਨ ਤੋੜ ਦੇਣਗੇ। ਕਿਸਾਨ ਆਗੂਆਂ ਨੇ ਹਰਿਆਣਾ ਵਿੱਚ 75 ਸਾਲ ਦੇ ਕਿਸਾਨ ਭਰਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਹੋਣ ਦੇ ਮਾਮਲੇ ’ਚ ਕਿਸਾਨ ਆਗੂਆਂ ’ਤੇ 302 ਦਾ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਅਤੇ ਪਿੱਪਲੀ ਤੇ ਨਰਾਇਣਗੜ੍ਹ ਵਿੱਚ ਦਰਜ ਕੀਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ।

ਏਕਤਾ ਉਗਰਾਹਾਂ ਨੇ ਧਰਨਿਆਂ ਦੀ ਗਿਣਤੀ ਵਧਾਈ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਾਵੇਂ ਰੇਲ ਮਾਰਗਾਂ ਤੋਂ ਧਰਨੇ ਚੁੱਕ ਦਿੱਤੇ ਹਨ ਪਰ ਇਸ ਜਥੇਬੰਦੀ ਨੇ ਪਿਛਲੇ ਕੁਝ ਦਿਨ ਤੋਂ ਧਰਨਿਆਂ ਅਤੇ ਮੁਜ਼ਾਹਰਿਆਂ ਦੀ ਗਿਣਤੀ ਵਧਾ ਦਿੱਤੀ ਹੈ। ਇਸ ਜਥੇਬੰਦੀ ਦੀ ਅਗਵਾਈ ਹੇਠ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ ਵਧਾਇਆ ਗਿਆ ਹੈ। ਜਥੇਬੰਦੀ ਨੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ।

Leave a Reply

Your email address will not be published.