ਐੱਮਐੱਸਪੀ ਤੇ ਸਰਕਾਰੀ ਖ਼ਰੀਦ ਦੇਸ਼ ਦੀ ਖੁਰਾਕ ਸੁਰੱਖਿਆ ਦਾ ਅਹਿਮ ਹਿੱਸਾ: ਮੋਦੀ
ਨਵੀਂ ਦਿੱਲੀ, 16 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਖ਼ਰੀਦ ਪ੍ਰਤੀ ਵਚਨਬੱਧ ਹੈ ਕਿਉਂਕਿ ਇਹ ਦੇਸ਼ ਦੀ ਖੁਰਾਕ ਸੁਰੱਖਿਆ ਦਾ ਅਹਿਮ ਹਿੱਸਾ ਹੈ। ਊਨ੍ਹਾਂ ਕਿਹਾ ਕਿ ਮੰਡੀ ਢਾਂਚੇ ਵਿੱਚ ਸੁਧਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵਿਗਿਆਨਕ ਢੰਗ ਨਾਲ ਐੱਮਐੱਸਪੀ ਖ਼ਰੀਦ ਜਾਰੀ ਰੱਖੀ ਜਾ ਸਕੇ। ਊਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਤਾਜ਼ਾ ਸੁਧਾਰ ਭਾਰਤ ਦੀ ਆਲਮੀ ਖ਼ੁਰਾਕ ਸੁਰੱਖਿਆ ਪ੍ਰਤੀ ਵੱਚਨਬੱਧਤਾ ਦਾ ਝਲਕਾਰਾ ਦਿੰਦੇ ਹਨ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫਏਓ) ਦੀ 75ਵੀਂ ਵਰ੍ਹੇਗੰਢ ਮੌਕੇ 75 ਰੁਪਏ ਕੀਮਤ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਮਗਰੋਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਐੱਮਐੱਸਪੀ ਅਤੇ ਸਰਕਾਰੀ ਖ਼ਰੀਦ ਦੇਸ਼ ਦੀ ਖੁਰਾਕ ਸੁਰੱਖਿਆ ਦਾ ਅਹਿਮ ਹਿੱਸਾ ਹਨ। ਇਹ ਜ਼ਰੂੁਰੀ ਹੈ ਕਿ ਇਹ ਬਿਹਤਰ ਸਹੂਲਤਾਂ ਅਤੇ ਵਿਗਿਆਨਕ ਢੰਗ ਨਾਲ ਲਗਾਤਾਰ ਜਾਰੀ ਰਹੇ। ਅਸੀਂ ਇਸ ਪ੍ਰਤੀ ਵਚਨਬੱਧ ਹਾਂ।’’ ਥੋਕ ਮੰਡੀਆਂ ਜਾਂ ਖੇਤੀਬਾੜੀ ਉਪਜ ਮਾਰਕੀਟਿੰਗ ਕਮੇਟੀਆਂ ਦੀ ਆਪਣੀ ਪਛਾਣ ਅਤੇ ਤਾਕਤ ਦੀ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਮੰਡੀਆਂ ਕਈ ਵਰ੍ਹਿਆਂ ਤੋਂ ਦੇਸ਼ ਵਿੱਚ ਚੱਲ ਰਹੀਆਂ ਹਨ ਅਤੇ ਇਨ੍ਹਾਂ ਦੇ ਢਾਂਚੇ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਮੰਡੀ ਢਾਂਚੇ ਦੀ ਬਿਹਤਰੀ ਲਈ 2,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ। ਇੱਥੋਂ ਤੱਕ ਕਿ ਮੰਡੀਆਂ ਨੂੰ ਇਲੈਕਟ੍ਰਾਨਿਕ ਕੌਮੀ ਮਾਰਕੀਟ ਨਾਲ ਜੋੜਨ ਲਈ ਆਈਟੀ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ। ਊਨ੍ਹਾਂ ਕਿਹਾ, ‘‘ਸੱਜਰੇ ਤਿੰਨ ਵੱਡੇ ਖੇਤੀਬਾੜੀ ਸੁਧਾਰ ਕਿਸਾਨਾਂ ਦੀ ਆਮਦਨ ਵਧਾਊਣ ਅਤੇ ਖੇਤੀਬਾੜੀ ਪ੍ਰਫੁੱਲਿਤ ਕਰਨ ਵੱਲ ਅਹਿਮ ਕਦਮ ਹਨ।’’ ਊਨ੍ਹਾਂ ਕਿਹਾ ਕਿ ਜ਼ਰੁੂਰੀ ਵਸਤਾਂ ਐਕਟ ਵਿਚ ਸੁਧਾਰਾਂ ਨਾਲ ਮੰਡੀਆਂ ਵਿੱਚ ਮੁਕਾਬਲੇਬਾਜ਼ੀ ਵਧੇਗੀ, ਕਿਸਾਨਾਂ ਦੀ ਆਮਦਨ ਵਧੇਗੀ ਅਤੇ ਅੰਨ ਵਿਅਰਥ ਜਾਣ ਦੀ ਸਮੱਸਿਆ ਹੱਲ ਹੋਵੇਗੀ। ਊਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਦੀ ਮੰਡੀਆਂ ਤੱਕ ਪਹੁੰਚ ਨਹੀਂ ਹੁੰਦੀ ਸੀ ਅਤੇ ਊਹ ਆਪਣੀ ਫ਼ਸਲ ਵਿਚੋਲੇ ਨੂੰ ਵੇਚਣ ਲਈ ਮਜਬੂਰ ਹੁੰਦੇ ਸਨ ਜਦਕਿ ਹੁਣ ਮੰਡੀਆਂ ਛੋਟੇ ਕਿਸਾਨਾਂ ਦੇ ਦਰਾਂ ’ਤੇ ਪੁੱਜਣਗੀਆਂ ਅਤੇ ਊੱਚੇ ਭਾਅ ਯਕੀਨੀ ਬਣਾਊਣਗੀਆਂ। ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਕਿਸਾਨਾਂ ਵਲੋਂ ਦੇਸ਼ ਦੀ ਕੁਪੋਸ਼ਣ ਦੀ ਸਮੱਸਿਆ ਹੱਲ ਕਰਨ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਜਲਦੀ ਹੀ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਊਮਰ ’ਤੇ ਨਜ਼ਰਸਾਨੀ ਲਈ ਸਥਾਪਤ ਕਮੇਟੀ ਤੋਂ ਰਿਪੋਰਟ ਪ੍ਰਾਪਤ ਹੋਣ ਮਗਰੋਂ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਨ ਸਿੱਖ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 350ਵੇਂ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਕਰੋੜਾਂ ਦਿਲਾਂ ਵਿਚ ਵਸਦੇ ਹਨ ਤੇ ਨਿਆਂ ਦਾ ਮੁੱਲ ਪਛਾਣਨ ਲਈ ਜਾਂਦੇ ਹਨ।
-ਪੀਟੀਆਈ
ਐੱਨਐੱਸਜੀ ਦੇ ਸਥਾਪਨਾ ਦਿਵਸ ’ਤੇ ਵਧਾਈ
ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਨੈਸ਼ਨਲ ਸਕਿਊਰਿਟੀ ਗਾਰਡ (ਐੱਨਐੱਸਜੀ) ਦੇ ਸਥਾਪਨਾ ਦਿਵਸ ’ਤੇ ਜਵਾਨਾਂ ਅਤੇ ਊਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਹੈ ਕਿ ਊਨ੍ਹਾਂ ਵਲੋਂ ਭਾਰਤ ਨੂੰ ਸੁਰੱਖਿਅਤ ਬਣਾਊਣ ਲਈ ਕੀਤੀਆਂ ਕੋਸ਼ਿਸ਼ਾਂ ’ਤੇ ਦੇਸ਼ ਨੂੰ ਮਾਣ ਹੈ।