ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਵਿੱਚ ਵਾਪਸ ਲਿਆਉਣ ਦੀ ਖੇਡ ਪੁੱਠੀ ਪੈ ਗਈ

ਸਾਰਾ ਭਾਰਤ ਜਦੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਤ੍ਰਾਹ-ਤ੍ਰਾਹ ਕਰ ਰਿਹਾ ਸੀ, ਓਦੋਂ ਭਾਰਤ ਸਰਕਾਰ ਦਾ ਸਾਰਾ ਧਿਆਨ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਵੱਲ ਲੱਗਾ ਹੋਇਆ ਸੀ। ਅਸੀਂ ਕੇਂਦਰ ਸਰਕਾਰ ਜਾਂ ਅਯੁੱਧਿਆ ਨਗਰੀ ਦੀ ਗੱਲ ਕਰਨ ਦੀ ਥਾਂ ਆਪਣੇ ਪੰਜਾਬ ਵੱਲ ਝਾਕੀਏ ਤਾਂ ਏਥੇ ਦੋਹਰੀ ਮਾਰ ਪੈਂਦੀ ਦਿਖਾਈ ਦੇਂਦੀ ਹੈ। ਇੱਕ ਪਾਸੇ ਕੋਰੋਨਾ ਵਾਇਰਸ ਦੀ ਮਾਰ ਕਾਰਨ ਕੇਸ ਅਤੇ ਮੌਤਾਂ ਵਧੀ ਜਾਂਦੇ ਹਨ ਅਤੇ ਦੂਸਰੇ ਪਾਸੇ ਮਾਝੇ ਵਿਚਲੇ ਤਿੰਨ ਜ਼ਿਲਿਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੀ ਗਿਣਤੀ ਸਵਾ ਸੌ ਤੋਂ ਟੱਪ ਚੁੱਕੀ ਹੈ। ਇਸ ਸ਼ਰਾਬ ਕਾਂਡ ਲਈ ਕਾਂਗਰਸ ਪਾਰਟੀ ਦੇ ਦੋ ਵਿਧਾਇਕਾਂ ਤੇ ਉਨ੍ਹਾਂ ਦੋਵਾਂ ਵਿੱਚੋਂ ਇੱਕ ਵਿਧਾਇਕ ਦੇ ਹੱਦੋਂ ਵੱਧ ਬਦਨਾਮ ਪੀ ਏ ਦਾ ਨਾਂਅ ਹਰ ਵਿਅਕਤੀ ਲੈਂਦਾ ਸੁਣਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਇਸ ਹਾਲਤ ਦਾ ਸਾਹਮਣਾ ਕਰਨ ਵਿੱਚ ਔਖ ਮਹਿਸੂਸ ਕਰ ਰਹੀ ਹੈ। ਰਾਜ ਦੀ ਸਰਕਾਰ ਦਾ ਸਾਰਾ ਧਿਆਨ ਇਸ ਮੁੱਦੇ ਨੂੰ ਸੰਭਾਲਣ ਦੇ ਨਾਲ ਅਕਾਲੀ ਆਗੂਆਂ ਨੂੰ ਇਹ ਗਿਣਾਉਣ ਉੱਤੇ ਸੀ ਕਿ ਉਨ੍ਹਾਂ ਦੇ ਆਪਣੇ ਰਾਜ ਵਿੱਚ ਵੀ ਏਹੋ ਜਿਹੇ ਕਾਂਡ ਹੋਏ ਸਨ ਤੇ ਇਸ ਤਰ੍ਹਾਂ ਦੇ ਕਾਂਡ ਹੁੰਦੇ ਰਹਿੰਦੇ ਹਨ। ਜਦੋਂ ਵਿਰੋਧ ਦੀ ਸਾਰੀ ਧਿਰ ਇਸ ਵੇਲੇ ਕਾਂਗਰਸ ਪਾਰਟੀ ਦੇ ਵਿਰੁੱਧ ਇੱਕ ਸੁਰ ਵਿੱਚ ਬੋਲ ਰਹੀ ਸੀ ਤਾਂ ਉਸ ਲਈ ਔਖੀ ਘੜੀ ਬਣਨੀ ਹਰ ਕਿਸੇ ਨੂੰ ਸਮਝ ਪੈਂਦੀ ਸੀ ਅਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਪੈ ਗਿਆ ਸੀ ਕਿ ਜ਼ਹਿਰੀਲੀ ਸ਼ਰਾਬ ਨਾਲ ਇਹ ਮੌਤਾਂ ਨਹੀਂ ਹੋਈਆਂ, ਇਹ ਤਾਂ ਕਤਲ ਹਨ, ਜਿਸ ਦੇ ਕੋਈ ਵੀ ਜ਼ਿਮੇਵਾਰ ਬਖਸ਼ਿਆ ਨਹੀਂ ਜਾਵੇਗਾ। ਅੱਗੇ ਅਮਲ ਹੋਏ ਤੋਂ ਬਿਨਾਂ ਮੁੱਖ ਮੰਤਰੀ ਦਾ ਏਦਾਂ ਦਾ ਦਬਕਾ ਸਿਰਫ ਇੱਕ ਖਬਰ ਬਣ ਕੇ ਰਹਿ ਜਾਂਦਾ ਹੈ, ਪਰ ਜੇ ਕੁਝ ਲੋਕਾਂ ਉੱਤੇ ਉਹ ਏਦਾਂ ਦੀ ਸਖਤ ਕਾਰਵਾਈ ਕਰ ਕੇ ਵਿਖਾਉਣ ਤਾਂ ਆਪਣੀ ਸਰਕਾਰ ਦਾ ਅਕਸ ਸੁਧਾਰ ਵੀ ਸਕਦੇ ਹਨ।
ਐਨ ਓਦੋਂ, ਜਦੋਂ ਇਸ ਕਾਂਡ ਨਾਲ ਹੋਈ ਬਦਨਾਮੀ ਕਾਰਨ ਪੰਜਾਬ ਸਰਕਾਰ ਫਸੀ ਹੋਈ ਸੀ, ਉਸ ਦੇ ਇਸ ਬਹੁਤ ਅਹਿਮ ਮੁੱਦੇ ਤੋਂ ਧਿਆਨ ਹਟਾਉਣ ਵਾਲੀ ਇੱਕ ਅਣਕਿਆਸੀ ਘਟਨਾ ਵਾਪਰ ਗਈ। ਪੰਜਾਬ ਦੇ ਸਾਬਕਾ ਮੰਤਰੀ ਤੇ ਕਿਸੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਚੁੱਕੇ ਸੁੱਚਾ ਸਿੰਘ ਲੰਗਾਹ, ਜਿਸ ਨੂੰ ਤਿੰਨ ਸਾਲ ਪਹਿਲਾਂ ਸਿੱਖ ਪੰਥ ਤੋਂ ਛੇਕਣ ਦਾ ਐਲਾਨ ਕੀਤਾ ਗਿਆ ਸੀ, ਨੇ ਅਚਾਨਕ ਨਿਹੰਗ ਸਿੰਘਾਂ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚ ਕੇ ਤਨਖਾਹ ਲਵਾਈ ਤੇ ਅੱਗੋਂ ਨਿਹੰਗ ਸਿੰਘਾਂ ਨੇ ਖੜੇ ਪੈਰ ਅੰਮ੍ਰਿਤ ਵੀ ਛਕਾ ਦਿੱਤਾ। ਇਸ ਨਾਲ ਰਾਜਨੀਤੀ ਦੇ ਨਾਲ ਸਿੱਖ ਭਾਈਚਾਰੇ ਅੰਦਰ ਵੀ ਏਦਾਂ ਦੀ ਹਲਚਲ ਮੱਚੀ ਕਿ ਅਗਲੇ ਦਿਨ ਹੀ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੂੰ ਐਲਾਨ ਕਰਨਾ ਪੈ ਗਿਆ ਕਿ ਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਦਿਵਾਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸਿੱਖ ਪੰਥ ਦੇ ਤਨਖਾਹੀਏ ਕਰਾਰ ਦਿੱਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੇ ਇਹ ਦੋਵੇਂ ਮੈਂਬਰ ਸਿੱਖ ਪੰਥ ਵਿੱਚੋਂ ਛੇਕੇ ਜਾ ਚੁੱਕੇ ਸੁੱਚਾ ਸਿੰਘ ਨਾਲ ਲਗਾਤਾਰਾਂ ਸਾਂਝਾਂ ਰੱਖਦੇ ਰਹੇ ਸਨ ਅਤੇ ਉਸ ਨਾਲ ਕੋਈ ਸਾਂਝ ਨਾ ਰੱਖਣ ਦੇ ਅਕਾਲ ਤਖਤ ਦੇ ਹੁਕਮਨਾਮੇ ਦਾ ਪਾਲਣ ਨਹੀਂ ਸੀ ਕਰਦੇ। ਉਹ ਆਪਣੇ ਜੋੜੀਦਾਰ ਸੁੱਚਾ ਸਿੰਘ ਨੂੰ ਬਚਾਉਂਦੇ ਹੋਏ ਖੁਦ ਵੀ ਬੁਰੀ ਤਰ੍ਹਾਂ ਫਸ ਗਏ ਹਨ।
ਇਸ ਮੁੱਦੇ ਦਾ ਪਿਛੋਕੜ ਇਹ ਹੈ ਕਿ ਸੁੱਚਾ ਸਿੰਘ ਲੰਗਾਹ ਕੋਈ ਨੇਕ ਬੰਦਾ ਨਹੀਂ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ, ਉਸ ਸਾਲ ਵਿੱਚ ਸੁੱਚਾ ਸਿੰਘ ਨੂੰ ਥਾਣੇ ਦੇ ਰਿਕਾਰਡ ਵਿੱਚ ਬਸਤਾ ਬੇ ਵਾਲੇ ਬਦਮਾਸ਼ਾਂ, ਜਿਨ੍ਹਾਂ ਨੂੰ ‘ਦਸ ਨੰਬਰੀਏ’ ਕਿਹਾ ਜਾਂਦਾ ਹੈ, ਦੀ ਲਿਸਟ ਵਿੱਚ ਪਾਇਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਦੂਸਰੀ ਵਾਰ ਮੁੱਖ ਮੰਤਰੀ ਬਣਨ ਮੌਕੇ ਵੀ ਉਸ ਦਾ ਇਹੋ ਰਿਕਾਰਡ ਸੀ ਅਤੇ ਜਦੋਂ ਬਾਦਲ ਦੀ ਤੀਸਰੀ ਸਰਕਾਰ ਆਈ, ਓਦੋਂ ਵੀ ਥਾਣੇ ਦੇ ਰਿਕਾਰਡ ਵਿੱਚ ਸੁੱਚਾ ਸਿੰਘ ਓਸੇ ਸੂਚੀ ਵਿੱਚ ਦਰਜ ਸੀ, ਪਰ ਬਹੁਤ ਵੱਡਾ ਫਰਕ ਪੈ ਚੁੱਕਾ ਸੀ। ਉਸ ਨੂੰ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਾਸ਼ ਸਿੰਘ ਬਾਦਲ ਨੇ ਲੜਾਈ ਤੇ ਜਿਤਾਈ ਸੀ ਤੇ ਫਿਰ ਅਗਲੀ ਵਿਧਾਨ ਸਭਾ ਚੋਣ ਦੇ ਲਈ ਟਿਕਟ ਦੇ ਕੇ ਵਿਧਾਇਕ ਵੀ ਬਣਾ ਲਿਆ ਸੀ। ਵਿਧਾਇਕ ਬਣੇ ਹੋਏ ਸੁੱਚਾ ਸਿੰਘ ਲੰਗਾਹ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੰਤਰੀ ਵੀ ਬਣਾ ਦਿੱਤਾ, ਪਰ ਥਾਣੇ ਦੇ ਅੰਦਰ ਥਾਣਾ ਮੁਖੀ ਦੀ ਕੁਰਸੀ ਦੇ ਪਿੱਛੇ ਟੰਗੇ ਕੈਲੰਡਰ ਦੇ ਉੱਤੇ ਉਸ ਦਾ ਨਾਂਅ ਬਸਤਾ ਬੇ ਵਿੱਚ ਹੀ ਲਿਖਿਆ ਰਿਹਾ। ਇਹੋ ਜਿਹੇ ਲੋਕਾਂ ਬਾਰੇ ਹਰ ਹਫਤੇ ਪੁਲਸ ਨੂੰ ਰਿਪੋਰਟ ਦਰਜ ਕਰਨੀ ਪੈਂਦੀ ਹੈ ਅਤੇ ਸਾਢੇ ਤਿੰਨ ਸਾਲ ਉਸ ਦੇ ਬਾਰੇ ਹਰ ਹਫਤੇ ਇਹ ਰਿਪੋਰਟ ਦਰਜ ਹੁੰਦੀ ਰਹੀ ਕਿ ‘ਪੰਜਾਬ ਸਰਕਾਰ ਦਾ ਮੰਤਰੀ ਹੈ, ਚੰਡੀਗੜ੍ਹ ਰਹਿੰਦਾ ਹੈ, ਪਤਾ ਲੱਗਾ ਹੈ ਕਿ ਮੰਦੇ ਕੰਮ ਕਰਨੇ ਛੱਡ ਗਿਆ ਹੈ।’ ਸਾਢੇ ਤਿੰਨ ਸਾਲਾਂ ਪਿੱਛੋਂ ਉਸ ਦਾ ਰਿਕਾਰਡ ਸੋਧ ਕੇ ਉਸ ਨੂੰ ਦਸ ਨੰਬਰੀਆਂ ਵਿੱਚੋਂ ਕੱਢ ਦਿੱਤਾ ਗਿਆ, ਪਰ ਜਿਹੜੇ ਪੁਲਸ ਅਫਸਰ ਨੇ ਕੱਢਿਆ, ਦੂਸਰੇ ਸਾਲ ਸਰਕਾਰ ਬਦਲਦੇ ਸਾਰ ਉਹ ਆਪਣੇ ਦਸਖਤਾਂ ਤੋਂ ਮੁੱਕਰ ਗਿਆ ਸੀ। ਸੁੱਚਾ ਸਿੰਘ ਲੰਗਾਹ ਇਸ ਦੇ ਬਾਵਜੂਦ ਫਿਰ ਅਗਲੀ ਬਾਦਲ ਸਰਕਾਰ ਵਿੱਚ ਮੰਤਰੀ ਬਣ ਕੇ ਪੰਜ ਸਾਲ ਤੱਕ ਰਾਜ ਦਾ ਸੁਖ ਮਾਣਦਾ ਰਿਹਾ ਸੀ।
ਤਿੰਨ ਸਾਲ ਪਹਿਲਾਂ ਇੱਕ ਔਰਤ ਨੇ ਉਸ ਉੱਤੇ ਬਲਾਤਕਾਰ ਕਰਨ ਅਤੇ ਜਾਇਦਾਦ ਹੜੱਪ ਜਾਣ ਦਾ ਦੋਸ਼ ਥੱਪਿਆ ਤਾਂ ਉਸ ਦੀ ਫਿਲਮ ਵਾਇਰਲ ਹੁੰਦੇ ਸਾਰ ਸ਼੍ਰੋਮਣੀ ਕਮੇਟੀ ਵੱਲੋਂ ਖੜੇ ਪੈਰ ਸੁੱਚਾ ਸਿੰਘ ਲੰਗਾਹ ਦੀ ਮੈਂਬਰੀ ਰੱਦ ਕਰਨ ਦੇ ਨਾਲ ਬਿਨਾਂ ਸੁਣਵਾਈ ਕੀਤੇ ਸ੍ਰੀ ਅਕਾਲ ਤਖਤ ਤੋਂ ਉਸ ਨੂੰ ਸਿੱਖੀ ਵਿੱਚੋਂ ਛੇਕ ਦਿੱਤਾ ਗਿਆ ਸੀ। ਫਿਰ ਉਸ ਔਰਤ ਨਾਲ ਸਮਝੌਤਾ ਕਰ ਕੇ ਉਸ ਦੀ ਜਾਇਦਾਦ ਵਾਪਸ ਕਰਨ ਪਿੱਛੋਂ ਉਸ ਦੀ ਬਦਲੀ ਹੋਈ ਗਵਾਹੀ ਕਾਰਨ ਅਦਾਲਤ ਤੋਂ ਬਰੀ ਹੋ ਗਿਆ ਅਤੇ ਸਿੱਖ ਪੰਥ ਵਿੱਚ ਵਾਪਸੀ ਲਈ ਤਰਲੇ ਕਰਨ ਲੱਗ ਪਿਆ। ਸ੍ਰੀ ਅਕਾਲ ਤਖਤ ਵਿਖੇ ਉਸ ਦੀ ਅਰਜ਼ੀ ਤਾਂ ਮੰਨੀ ਨਹੀਂ ਸੀ ਗਈ, ਪਰ ਪਿਛਲੇ ਸੋਮਵਾਰ ਉਸ ਨੇ ਨਿਹੰਗ ਸਿੰਘਾਂ ਦੇ ਇੱਕ ਸਮਾਗਮ ਵਿੱਚ ਜਾ ਕੇ ਭੁੱਲ ਭਖਸ਼ਣ ਦੀ ਬੇਨਤੀ ਕੀਤੀ ਤਾਂ ਨਿਹੰਗ ਸਿੰਘਾਂ ਦੇ ਪੰਜ ਪਿਆਰਿਆਂ ਨੇ ਉਸ ਨੂੰ ਬਖਸ਼ ਕੇ ਤਨਖਾਹ ਲਾਈ ਤੇ ਅੰਮ੍ਰਿਤ ਛਕਾਉਣ ਦੀ ਰਸਮ ਵੀ ਨਿਭਾ ਦਿੱਤੀ। ਇਸ ਨਾਲ ਹਰ ਪਾਸੇ ਰੌਲਾ ਪੈ ਗਿਆ ਕਿ ਅਕਾਲ ਤਖਤ ਨੂੰ ਸਰਬ ਉੱਚ ਆਖਿਆ ਜਾਂਦਾ ਹੈ ਤੇ ਉਸ ਥਾਂ ਤੋ ਸਿੱਖੀ ਵਿੱਚੋਂ ਛੇਕੇ ਹੋਏ ਬੰਦੇ ਨੂੰ ਨਿਹੰਗ ਸਿੰਘਾਂ ਨੇ ਬਖਸ਼ ਕੇ ਅਕਾਲ ਤਖਤ ਨੂੰ ਚੁਣੌਤੀ ਦੇ ਦਿੱਤੀ ਹੈ। ਇਸ ਖੇਡ ਦੇ ਪਿੱਛੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦਾ ਨਾਂਅ ਆਇਆ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਬਿਨਾ ਸਮਾਂ ਗੁਆਏ ਉਨ੍ਹਾਂ ਦੋਵਾਂ ਨੂੰ ਵੀ ਸਿੱਖ ਪੰਥ ਦੇ ਤਨਖਾਹੀਏ ਕਰਾਰ ਦੇ ਦਿੱਤਾ ਤੇ ਬਾਕੀਆਂ ਨੂੰ ਸੰਦੇਸ਼ ਦੇ ਦਿੱਤਾ ਕਿ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਣੀ। ਫਿਰ ਨਿਹੰਗ ਸਿੰਘ ਵੀ ਗਲਤੀ ਮੰਨਣ ਜਾ ਪਹੁੰਚੇ। ਨਤੀਜਾ ਇਹ ਨਿਕਲਿਆ ਹੈ ਕਿ ਸੁੱਚਾ ਸਿੰਘ ਲੰਗਾਹ ਤਾਂ ਦੋਬਾਰਾ ਸਿੱਖ ਪੰਥ ਵਿੱਚ ਉਹ ਥਾਂ ਹਾਸਲ ਨਹੀਂ ਕਰ ਸਕਿਆ, ਜਿਹੜੀ ਤਿੰਨ ਸਾਲ ਪਹਿਲਾਂ ਮਾਣਦਾ ਸੀ, ਪਰ ਉਸ ਦੇ ਮਦਦ ਕਰਨ ਵਾਲੇ ਲੋਕ ਵੀ ਕਸੂਤੀ ਸਥਿਤੀ ਵਿੱਚ ਫਸ ਗਏ ਹਨ।
ਆਖਰੀ ਸਥਿਤੀ ਇਹ ਹੈ ਕਿ ਸਿੱਖ ਪੰਥ ਦੇ ਪ੍ਰਮੁੱਖ ਪ੍ਰਚਾਰਕਾਂ ਨੇ ਸੁੱਚਾ ਸਿੰਘ ਲੰਗਾਹ ਦੀ ਇਸ ਚੁਸਤੀ ਪਿੱਛੇ ਦੋਂਹ ਅਕਾਲੀ ਲੀਡਰਾਂ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ, ਪਰ ਉਨ੍ਹਾਂ ਦੋ ਆਗੂਆਂ ਦੀ ਅਗਵਾਈ ਹੇਠ ਚੱਲਦੇ ਅਕਾਲੀ ਦਲ ਨੇ ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਕਰਾਰ ਦੇ ਦਿੱਤਾ ਹੈ। ਜਦੋਂ ਲੰਗਾਹ ਉੱਤੇ ਕੇਸ ਬਣਿਆ ਸੀ, ਉਸ ਵਕਤ ਅਕਾਲੀ ਦਲ ਦੇ ਆਗੂ ਉਸ ਦੇ ਪੱਖ ਵਿੱਚ ਗਏ ਸਨ, ਬਾਅਦ ਵਿੱਚ ਉਹ ਅਕਾਲੀ ਆਗੂਆਂ ਨਾਲ ਫਿਰਦਾ ਤੇ ਕੁਝ ਥਾਂ ਸਮਾਗਮਾਂ ਵਿੱਚ ਵੀ ਜਾਂਦਾ ਰਿਹਾ ਸੀ, ਫਿਰ ਇਸ ਪਿੱਛੇ ਕਿਸੇ ਹੋਰ ਪਾਰਟੀ ਦੀ ਸਾਜ਼ਿਸ਼ ਕਿਵੇਂ ਹੋਈ, ਇਹ ਆਮ ਲੋਕਾਂ ਲਈ ਸਮਝਣਾ ਔਖਾ ਹੈ। ਲੱਗਦਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਇੱਕ ਚੁਸਤੀ ਕੀਤੀ ਸੀ, ਜਿਹੜੀ ਪੁੱਠੀ ਪੈ ਗਈ ਹੈ। ਜਦੋਂ ਏਦਾਂ ਦੀ ਚੁਸਤੀ ਪੁੱਠੀ ਪੈ ਜਾਵੇ, ਕੋਈ ਵੀ ਆਪਣਾ ਕਸੂਰ ਨਹੀਂ ਮੰਨਦਾ ਹੁੰਦਾ, ਅਕਾਲੀ ਲੀਡਰਸ਼ਿਪ ਵੀ ਮੰਨਣ ਲਈ ਛੇਤੀ ਤਿਆਰ ਨਹੀਂ ਹੋ ਸਕਦੀ, ਪਰ ਲੋਕਾਂ ਨੂੰ ਹਰ ਗੱਲ ਅਤੇ ਹਰ ਆਗੂ ਦੀ ਭੂਮਿਕਾ ਦਾ ਪਤਾ ਹੀ ਹੁੰਦਾ ਹੈ।