ਪਾਰਟੀ ਦੇ ਆਗੂਆਂ ਨੇ ਹੀ ਸੰਸਦ ਭੰਗ ਕਰਨ ਲਈ ਮਜਬੂਰ ਕੀਤਾ : ਓਲੀ
ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਚਾਨਕ ਸੰਸਦ ਭੰਗ ਕਰਨ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਚੋਣਾਂ ਰਾਹੀਂ ਨਵੇਂ ਸਿਰਿਓਂ ਫਤਵਾ ਲੈਣ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਗਿਆ ਹੈ। ਓਲੀ ਨੇ ਕਿਹਾ ਕਿ ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਵਿਚ ਪਏ ਪਾੜ ਨੇ ਸਰਕਾਰ ਦੇ ਕੰਮਕਾਜ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਓਲੀ ਨੇ ਐਤਵਾਰ ਸੰਸਦ ਭੰਗ ਕਰ ਦਿੱਤੀ ਸੀ। ਉਨ੍ਹਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਵਿਚਾਲੇ ਸੱਤਾ ਲਈ ਖਿੱਚੋਤਾਣ ਲੰਮੇ ਸਮੇਂ ਤੋਂ ਬਣੀ ਹੋਈ ਹੈ। ਓਲੀ ਨੇ ਕਿਹਾ ਕਿ ਉਨ੍ਹਾਂ ਨੂੰ ਸੰਸਦ ਭੰਗ ਕਰਨ ਤੇ ਮੱਧਕਾਲੀ ਚੋਣਾਂ ਐਲਾਨਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਓਲੀ ਸੱਤਾਧਾਰੀ ਪਾਰਟੀ ਦੇ ਦੋ ਚੇਅਰਮੈਨਾਂ ਵਿਚੋਂ ਇਕ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੀ ਕੁਝ ਆਗੂਆਂ ਨੇ ਇਹ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ। ਓਲੀ ਨੇ ਕਿਹਾ ਕਿ ਲੋਕਾਂ ਨੂੰ ਨਵੇਂ ਫ਼ਤਵੇ ਲਈ ਮੌਕਾ ਦੇਣਾ ਹੀ ‘ਇਕੋ ਇਕ ਚੰਗਾ ਲੋਕਤੰਤਰਿਕ ਬਦਲ’ ਸੀ। ਓਲੀ ਦੇ ਫ਼ੈਸਲੇ ਦਾ ਕਈ ਸਿਆਸੀ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਵਿਚ 11 ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਹਨ। ਕਾਠਮੰਡੂ ਤੇ ਕਈ ਸ਼ਹਿਰਾਂ ਵਿਚ ਫ਼ੈਸਲੇ ਖ਼ਿਲਾਫ਼ ਰੋਸ ਮੁਜ਼ਾਹਰੇ ਵੀ ਹੋਏ ਹਨ।