ਚਮਕੌਰ ਦੀ ਗੜ੍ਹੀ ਦੇ ਜੋੜ ਮੇਲ ਦੇ ਅੱਜ ਦੂਜੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਿਆਂ ਵਿੱਚ ਨਤਮਸਤਕ ਹੋਈ

ਚਮਕੌਰ ਸਾਹਿਬ: ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਚਮਕੌਰ ਦੀ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਲੱਗੇ ਜੋੜ ਮੇਲ ਦੇ ਅੱਜ ਦੂਜੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਇੱਥੋਂ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਨਤਮਸਤਕ ਹੋਈ। ਕਰੋਨਾਵਾਇਰਸ ਦੀ ਪ੍ਰਵਾਹ ਕੀਤੇ ਬਿਨਾਂ ਸੰਗਤ ਦਾ ਦੇਰ ਰਾਤ ਤੱਕ ਆਉਣਾ-ਜਾਣਾ ਲੱਗਿਆ ਰਿਹਾ। ਜੋੜ ਮੇਲ ਦੇ ਪਹਿਲੇ ਦਿਨ ਵੀ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਧਾਰਮਿਕ ਮੰਚ ਤੋਂ ਰਾਗੀ-ਢਾਡੀ ਜੱਥਿਆਂ ਨੇ ਕਥਾ, ਕੀਰਤਨ ਅਤੇ ਵਾਰਾਂ ਸੁਣਾਈਆਂ ਸਨ। ਗੁਰਦੁਆਰੇ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਇਹ ਦੀਵਾਨ ਅੱਜ ਦੇਰ ਰਾਤ ਤੱਕ ਸਜੇ ਰਹਿਣਗੇ।

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਲਾ ਮੰਚ ਵੱਲੋਂ ਸ਼ੁਰੂ ਕੀਤੀ ਗਈ 18ਵੀਂ ਦਸਮੇਸ਼ ਪੈਦਲ ਯਾਤਰਾ 21 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅੱਜ ਰਾਤ 12 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਝਾੜ ਸਾਹਿਬ ਪਹੁੰਚੇਗੀ। ਜੋੜ ਮੇਲ ਦੇ ਦੂਜੇ ਦਿਨ ਅੱਜ ਪਿੰਡ ਪਿੱਪਲ ਮਾਜਰਾ, ਹਾਫਿਜ਼ਾਬਾਦ, ਮਕੜੌਨਾ ਖੁਰਦ, ਦੁੱਗਰੀ, ਮਾਣੇਮਾਜਰਾ, ਚੂਹੜ ਮਾਜਰਾ, ਕਾਲੇਮਾਜਰਾ, ਰੋਲੂਮਾਜਰਾ, ਕਤਲੌਰ, ਖਾਨਪੁਰ, ਬਸੀ ਗੁੱਜਰਾਂ, ਓਇੰਦ, ਖੇੜੀ ਸਲਾਬਤਪੁਰ ਸਮੇਤ ਦਰਜਨਾਂ ਪਿੰਡਾਂ ਦੀ ਸੰਗਤ ਵੱਲੋਂ ਲੰਗਰ ਲਾਏ ਗਏ ਹਨ। ਇਸ ਦੌਰਾਨ ਐੱਸਪੀ ਸਤਿੰਦਰ ਸਿੰਘ ਸੋਹਲ ਤੇ ਡੀਐੱਸਪੀ ਸੁਖਜੀਤ ਸਿੰਘ ਵਿਰਕ ਸਮਾਗਮ ਦੀ ਨਿਗਰਾਨੀ ਕਰ ਰਹੇ ਹਨ।

ਸਿੱਖਾਂ ਵਿਰੋਧੀ ਚਾਲਾਂ ਚੱਲਣ ਵਾਲਿਆਂ ਤੋਂ ਸੁਚੇਤ ਰਹੇ ਸੰਗਤ: ਬੀਬੀ ਜਗੀਰ ਕੌਰ

ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਸੰਗਤ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਤੋਂ ਸੇਧ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅੱਜ ਕੌਮ ਨੂੰ ਸਿੱਖਾਂ ਵਿਰੋਧੀ ਚਾਲਾਂ ਚੱਲਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਿੱਖ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਇਸ ਦੌਰਾਨ ਉਨ੍ਹਾਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 20-20 ਹਜ਼ਾਰ ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਲਈ ਲੰਗਰ, ਸਿਹਤ ਸੇਵਾਵਾਂ, ਰੈਣ ਬਸੇਰੇ ਅਤੇ ਬਿਸਤਰਿਆਂ ਸਮੇਤ ਹੋਰ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *