ਲਹਿਰਾਗਾਗਾ ਦੇ 30 ਹਜ਼ਾਰ ਕਿਸਾਨ 26 ਦਸੰਬਰ ਨੂੰ ਦਿੱਲੀ ਰਵਾਨਾ ਹੋਣਗੇ

ਲਹਿਰਾਗਾਗਾ: ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ’ਚ ਰਿਲਾਇੰਸ ਪੰਪ ਅੱਗੇ ਸ਼ੁਰੂ ਕੀਤਾ ਪੱਕਾ ਧਰਨਾ ਅੱਜ 83 ਵੇਂ ਦਿਨ ’ਚ ਦਾਖਲ ਹੋ ਗਿਆ। ਇਸ ਮੌਕੇ ਬਲਾਕ ਆਗੂ ਬਹਾਦਰ ਸਿੰਘ ਭੁਟਾਲ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ ਚੋਟੀਆਂ, ਰਾਮ ਸਿੰਘ ਨੰਗਲਾ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਦਿੱਲੀ ’ਚ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ’ਚ ਜਾਗਰੂਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋਂ 26 ਦਸੰਬਰ ਨੂੰ 30 ਹਜ਼ਾਰ ਕਿਸਾਨ ਬਲਾਕ ਲਹਿਰਾਗਾਗਾ ਦੇ ਕਿਸਾਨ ਖਨੌਰੀ ਰਸਤੇ ਰਾਹੀਂ ਦਿੱਲੀ ਇਕੱਠੇ ਰਵਾਨਾ ਹੋ ਸਕਣ। ਖੇਤੀ ਮੋਟਰਾਂ ਦੀ ਸਪਲਾਈ ਸਬੰਧੀ ਆ ਰਹੀਆਂ ਮੁਸਕਲਾਂ ਨੂੰ ਵੇਖਦਿਆਂ 21 ਦਸੰਬਰ ਨੂੰ ਲਹਿਰਾਗਾਗਾ ਐਕਸੀਅਨ ਦਫ਼ਤਰ ਵਿਖੇ ਧਰਨਾ ਲਗਾਉਣ ’ਤੇ ਵੀ ਵਿਭਾਗ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਪਰ ਇਸਦੇ ਨਾਲ ਹੀ ਮੰਗਾਂ ਮਨਵਾਉਣ ਦੇ ਲਈ ਜਥੇਬੰਦੀ ਨੇ 23 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਦਫ਼ਤਰ ਦਾ ਵੀ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਚ ਚਲ ਰਹੇ ਕਾਲੇ ਕਾਨੂੰਨਾਂ ਵਿਰੁੱਧ ਸਰਬ ਵਿਆਪੀ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀ ਦਿੱਲੀ ਕਿਸਾਨ ਮੋਰਚਾ ਮੁਹਿੰਮ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ਲਹਿਲ ਖੁਰਦ, ਡਸਕਾ, ਮਹਾਸਿੰਘ ਵਾਲਾ,ਭੁਟਾਲ ਕਲਾ, ਬੱਲਰਾ, ਨੰਗਲਾ, ਗੋਬਿੰਦਗੜ੍ਹ ਜੇਜੀਆ, ਸੰਗਤੀਵਾਲਾ,ਸੇਖੂਵਾਸ, ਹਮੀਰਗੜ੍ਹ,ਫੂਲਦ, ਘੋੜੇਨਾਵ, ਰਾਮਗੜ੍ਹ ’ਚ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਕਰਕੇ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ26-27 ਦਸੰਬਰ ਨੂੰ ਵੱਡੇ ਕਾਫਲੇ ਬਣਾ ਕੇ ਦਿੱਲੀ ਨੂੰ ਕੂਚ ਕਰਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ। 24 ਦਸੰਬਰ ਨੂੰ ਮੂਣਕ ਵਿਖੇ ਵੱਡਾ ਇਕੱਠ ਕਰਕੇ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ।

Leave a Reply

Your email address will not be published. Required fields are marked *