ਬੈਲ ਗੱਡੇ ‘ਤੇ ਕਿਸਾਨੀ ਝੰਡਾ ਲਾ ਕੇ ਆਇਆ ਨਾਨਕਾ ਮੇਲ, ਤੱਕਦੇ ਰਹਿ ਗਏ ਲੋਕ

ਖਡੂਰ ਸਾਹਿਬ : ਪੱਛਮੀ ਸੱਭਿਆਚਾਰ ਤੇ ਪਹਿਰਾਵੇ ਤੋਂ ਮੂੰਹ ਮੋੜ ਨੌਜਵਾਨ ਪੀੜ੍ਹੀ ਇਕ ਵਾਰ ਫਿਰ ਆਪਣੇ ਪੁਰਾਤਨ ਸੱਭਿਆਚਾਰ ਵੱਲ ਪਰਤਣੀ ਸ਼ੁਰੂ ਹੋ ਗਈ ਹੈ।

ਜ਼ਿਲ੍ਹਾ ਤਰਨਤਾਰਨ ਦੇ ਬਲਾਕ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਬਿਹਾਰੀਪੁਰ ‘ਚ ਪੰਜਾਬੀ ਸੱਭਿਆਚਾਰ ਦੀ ਝਲਕ ਉਦੋਂ ਵੇਖਣ ਨੂੰ ਮਿਲੀ ਜਦੋਂ ਵਿਆਹ ਸਮਾਗਮ ‘ਚ ਬੈਲ ਗੱਡੀ ‘ਤੇ ਸਵਾਰ ਹੋ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਝੰਡਾ ਲਾ ਕੇ ਆਇਆ ਨਾਨਕਾ ਮੇਲ ਜਦੋਂ ਪਿੰਡ ਦੀ ਜੂਹ ‘ਚ ਪਹੁੰਚਿਆ ਤਾਂ ਲੋਕ ਤੱਕਦੇ ਹੀ ਰਹਿ ਗਏ। ਮੇਲਣਾਂ ਦੇ ਸਿਰਾਂ ‘ਤੇ ਜਿਥੇ ਸੱਗੀ ਫੁੱਲ ਤੇ ਮੱਥੇ ਉੱਪਰ ਟਿੱਕੇ, ਮੋਿਢਆਂ ਤੇ ਫੁਲਕਾਰੀਆਂ ਫੱਬ ਰਹੀਆਂ ਸਨ, ਉੱਥੇ ਹੀ ਨੌਜਵਾਨਾਂ ਦੇ ਗਲਾਂ ਪਾਏ ਕੈਂਠੇ ‘ਤੇ ਹੱਥਾਂ ‘ਚ ਖੂੰਡੀਆਂ ਵੱਖਰੀ ਹੀ ਟੌਹਰ ਬਣਾ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਵਿਆਹ ਵਾਲੇ ਲੜਕੇ ਮਨਦੀਪ ਸਿੰਘ ਪੁੱਤਰ ਸਵਰਨ ਸਿੰਘ ਦੇ ਰਿਸ਼ਤੇਦਾਰ ਹਰੀ ਸਿੰਘ, ਨਰਿੰਦਰ ਸਿੰਘ ਮਾਹਲਾ ਨੇ ਦੱਸਿਆ ਕਿ ਉਹ ਪਿੰਡ ਜਸਪਾਲ ਜ਼ਿਲ੍ਹਾ ਅੰਮਿ੍ਤਸਰ ਤੋਂ ਬੈਲ ਗੱਡੀ ਉੱਪਰ ਕਿਸਾਨੀ ਝੰਡਾ ਲਾ ਕੇ ਪਿੰਡ ਬਿਹਾਰੀਪੁਰ ਵਿਖੇ ਵਿਆਹ ਸਮਾਗਮ ਸ਼ਾਮਲ ਹੋਣ ਲਈ ਆਏ ਹਨ। ਉਨ੍ਹਾਂ ਕਿਹਾ ਮਹਿੰਗਾਈ ਦੇ ਦੌਰ ‘ਚ ਸਾਨੂੰ ਸਭ ਨੂੰ ਵਿਆਹ ਸਮਾਗਮਾਂ ‘ਚ ਘੱਟ ਖਰਚੇ ਕਰਕੇ ਤੇ ਭੁੱਲ ਚੁੱਕੇ ਪੁਰਾਤਨ ਸੱਭਿਆਚਾਰ ਵੱਲ ਮੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਵਿਖੇ ਧਰਨੇ ‘ਤੇ ਬੈਠੇ ਕਿਸਾਨਾਂ ਦਾ ਵੀ ਪੂਰਨ ਤੌਰ ਸਮਰਥਨ ਕਰਦੇ ਹਨ। ਇਸ ਮੌਕੇ ਗੁਰਨਾਮ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਡਾ. ਹਰੀ ਸਿੰਘ, ਲਵਜੋਤ ਸਿੰਘ, ਮਿਲਖਾ ਸਿੰਘ ਪ੍ਰਧਾਨ ਦੋਲੋਨੰਗਲ, ਵਿਸ਼ਵਜੀਤ ਸਿੰਘ ਬੀਡੂ, ਪਰਵਿੰਦਰ ਸਿੰਘ, ਮੇਜਰ ਸਿੰਘ ਬਾਸਰਕੇ, ਅੰਮਿ੍ਤਪਾਲ ਸਿੰਘ, ਅਜੇਪਾਲ ਸਿੰਘ, ਮਨਪ੍ਰਰੀਤ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *