ਅੰਮ੍ਰਿਤਸਰ: ਯੂਰਪ ਤੇ ਮੱਧ ਪੂਰਬੀ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਦਹਿਸ਼ਤ ਦੌਰਾਨ ਲੰਡਨ ਤੋਂ ਵਿਸ਼ੇਸ਼ ਜਹਾਜ਼ ਅੱਜ ਸਵੇਰੇ ਅੰਮ੍ਰਿਤਸਰ ਪੁੱਜਾ। ਇਸ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਗੁਰੂ ਸ੍ਰੀ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ 242 ਯਾਤਰੀਆਂ ‘ਚੋਂ ਪੰਜ ਕੋਰੋਨਾ ਵਾਇਰਸ (Coronavirus) ਨਾਲ ਇਨਫੈਕਟਿਡ ਮਿਲੇ ਹਨ। ਬਾਕੀ ਯਾਤਰੀਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਇਸ ਨਾਲ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਸਬੰਧੀ ਅੰਮ੍ਰਿਤਸਰ ਏਅਰਪੋਰਟ ‘ਤੇ ਦਹਿਸ਼ਤ ਫੈਲ ਗਈ ਹੈ। ਇਸ ਦੌਰਾਨ ਨੈਗੇਟਿਵ ਰਿਪੋਰਟ ਵਾਲੇ ਯਾਤਰੀਆਂ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਗਿਆ। ਫਿਲਹਾਲ ਕਈ ਯਾਤਰੀਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਕੋਰੋਨਾ ਇਨਫੈਕਟਿਡ ਮਿਲੇ ਯਾਤਰੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਸ਼ਿਫਟ ਕੀਤੇ ਗਏ ਹਨ
ਨੈਗੇਟਿਵ ਰਿਪੋਰਟ ਵਾਲੇ ਯਾਤਰੀਆਂ ਨੂੰ ਜਾਣ ਦਿੱਤਾ ਗਿਆ, ਕਰੂ ਮੈਂਬਰਾਂ ਸਮੇਤ 264 ਲੋਕਾਂ ਦੇ ਟੈਸਟ ਕਰਵਾਏ ਗਏ
ਇਨ੍ਹਾਂ ਯਾਤਰੀਆਂ ਤੇ ਜਹਾਜ਼ ਦੇ ਕਰੂ ਮੈਂਬਰ ਸਮੇਤ 264 ਲੋਕਾਂ ਦੇ ਨਮੂਨਿਆਂ ਦਾ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਸਥਿਤ ਇਨਫਲੂਏਂਜ਼ ਲੈਬ ‘ਚ ਟੈਸਟ ਹੋਇਆ ਹੈ। ਟੈਸਟਿੰਗ ਪ੍ਰਕਿਰਿਆ ਹਾਲੇ ਜਾਰੀ ਹੈ, ਪਰ ਤਿੰਨ ਲੋਕਾਂ ਦੇ ਪਾਜ਼ੇਟਿਵ ਆਉਣ ਦੀ ਪੁਸ਼ਟੀ ਲੈਬ ਨੇ ਕੀਤੀ ਹੈ। ਅੱਜ ਤੜਕੇ ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੇ ਇਹ ਜਹਾਜ਼ ਯਾਤਰੀ ਕੋਰੋਨਾ ਟੈਸਟ ਕਰਵਾਉਣ ਦੇ ਹੱਕ ‘ਚ ਨਹੀਂ ਹਨ। ਉਨ੍ਹਾਂ ਨੇ ਟੈਸਟ ਕਰਵਾਉਣ ਦੇ ਵਿਰੋਧ ‘ਚ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਤਿੰਨ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਨਾਲ ਏਅਰਪੋਰਟ ‘ਤੇ ਭਾਜੜਾਂ ਪੈ ਗਈਆਂ। ਇਨ੍ਹਾਂ ਤਿੰਨ ਲੋਕਾਂ ਦੇ ਨਾਲ ਸੀਟ ‘ਤੇ ਬੈਠੇ ਲੋਕਾਂ ਨੂੰ ਵੀ ਕੋਰੋਨਾ ਇਨਫੈਕਸ਼ਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਲਿਹਾਜ਼ਾ, ਫਿਲਹਾਲ ਸਾਰਿਆਂ ਦਾ ਟੈਸਟ ਲੈਬ ‘ਚ ਕੀਤਾ ਜਾ ਰਿਹਾ ਹੈ। ਤਿੰਨਾਂ ਤੋਂ ਇਲਾਵਾ ਹੋਰ ਲੋਕ ਵੀ ਪਾਜ਼ੇਟਿਵ ਹੋ ਸਕਦੇ ਹਨ।
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ‘ਤੇ ਮੰਗਲਵਾਰ ਸਵੇਰੇ ਉਸ ਵੇਲੇ ਹੰਗਾਮਾ ਕੀਤਾ ਗਿਆ ਜਦੋਂ ਲੰਡਨ ਤੋਂ ਆਈ ਫਲਾਈਟ ਰਾਹੀਂ ਪੁੱਜੇ ਯਾਤਰੀਆਂ ਨੂੰ ਸਵੇਰੇ 10.00 ਵਜੇ ਤਕ ਬਾਹਰ ਨਹੀਂ ਕੱਢਿਆ। ਲੋਕਾਂ ਨੇ ਏਅਰਪੋਰਟ ਮੈਨੇਜਮੈਂਟ ਤੇ ਯਾਤਰੀਆਂ ਦੇ ਕੋਵਿਡ-19 ਰਿਪੋਰਟ ਨਾ ਦੇਣ ਵਾਲੇ ਸਟਾਫ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਪਹਿਲਾਂ ਹੀ ਸੋਮਵਾਰ ਦੀ ਰਾਤ ਆਰਡਰ ਜਾਰੀ ਕਰਕੇ ਸਪਸ਼ਟ ਕਰ ਦਿੱਤਾ ਸੀ ਕਿ ਲੰਡਨ ਤੋਂ ਆਉਣ ਵਾਲੀ ਫਲਾਈਟ ਦੇ ਸਾਰੇ ਯਾਤਰੀਆਂ ਦੇ ਕੋਵਿਡ19 ਨਤੀਜੇ ਮਿਲਣ ਤੋਂ ਬਾਅਦ ਹੀ ਏਅਰਪੋਰਟ ਤੋਂ ਬਾਹਰ ਕੱਢਿਆ ਜਾਵੇਗਾ।
ਲੰਡਨ ਤੋਂ ਇਕ ਵਿਸ਼ੇਸ਼ ਜਹਾਜ਼ ਅੱਜ ਸਵੇਰੇ ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਗੁਰੂ ਸ੍ਰੀ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ। ਇਸ ਜਹਾਜ਼ ‘ਚ 242 ਲੋਕ ਸਵਾਰ ਸਨ। ਇਨ੍ਹਾਂ ਲੋਕਾਂ ਨੂੰ ਵੀ ਕੋਰੋਨਾ ਟੈਸਟ ‘ਚੋਂ ਗੁਜ਼ਰਨਾ ਪਵੇਗਾ। ਦੱਸਿਆ ਜਾਂਦਾ ਹੈ ਕਿ ਇਸ ਪੂਰੀ ਪ੍ਰਕਿਰਿਆ ‘ਚ ਕਰੀਬ 6 ਤੋਂ 8 ਘੰਟੇ ਲਗ ਸਕਦੇ ਹਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਦੇ ਐੱਸਡੀਐੱਮ ਦੀਪਕ ਭਾਟੀਆ ਨੇ ਦੱਸਿਆ ਕਿ ਲੰਡਨ ‘ਚ ਇਸ ਵਿਸ਼ੇਸ਼ ਜਹਾਜ਼ ‘ਚ ਕੁੱਲ 242 ਯਾਤਰੀ ਸਵਾਰ ਹੋਏ। ਵਿਦੇਸ਼ ਤੋਂ ਭਾਰਤ ਪਹੁੰਚਣ ‘ਤੇ ਕੋਰੋਨਾ ਪ੍ਰੋਟੋਕਾਲ ਤਹਿਤ ਜਹਾਜ਼ ਯਾਤਰੀਆਂ ਨੂੰ ਕੋਵਿਟ-19 ਟੈਸਟ (Covid-19 Test) ‘ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ ਵਿਚ ਲੰਡਨ ਤੋਂ ਪਹੁੰਚੇ ਯਾਤਰੀਆਂ ਨੂੰ ਆਰਟੀ-ਪੀਸੀਟੀ ਟੈਸਟ ‘ਚੋਂ ਗੁਜ਼ਰਨਾ ਪਵੇਗਾ। ਇਸ ਵਿਚ 6-8 ਘੰਟੇ ਲਗ ਸਕਦੇ ਹਨ ਤੇ ਇਸ ਦੇ ਲਈ ਯਾਤਰੀ ਨੂੰ ਹਵਾਈ ਅੱਡੇ ‘ਤੇ ਰਹਿਣ ਦੀ ਜ਼ਰੂਰਤ ਹੁੰਦੀ ਹੈ।
ਦੂਸਰੇ ਪਾਸੇ, ਠੰਢ ਦੇ ਬਾਵਜੂਦ ਵੱਡੀ ਗਿਣਤੀ ‘ਚ ਲੋਕ ਲੰਡਨ ਤੋਂ ਆਏ ਆਪਣੇ ਜਾਣਕਾਰਾਂ ਤੇ ਰਿਸ਼ਤੇਦਾਰਾਂ ਨੂੰ ਲੈਣ ਤੜਕੇ ਹੀ ਹਵਾਈ ਅੱਡੇ ਦੇ ਬਾਹਰ ਪਹੁੰਚ ਗਏ। ਉਹ ਲੋਕ ਅੰਮ੍ਰਿਤਸਰ ਏਅਰਪੋਰਟ ਦੇ ਬਾਹਰ ਇੰਤਜ਼ਾਰ ਕਰ ਰਹੇ ਹਨ। ਹਵਾਈ ਅੱਡੇ ਦੇ ਬਾਹਰ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਅਧਿਕਾਰੀ ਲੰਡਨ ਤੋਂ ਪੁੱਜੇ ਯਾਤਰੀਆਂ ਨੂੰ COVID-19 ਪ੍ਰੀਖਣ ‘ਚੋਂ ਗੁਜ਼ਰਨ ਲਈ ਕਹਿ ਰਹੇ ਹਨ, ਬੇਸ਼ਕ ਉਨ੍ਹਾਂ ਦਾ ਉਡਾਨ ਭਰਨ ਤੋਂ ਠੀਕ ਪਹਿਲਾਂ ਟੈਸਟ ਕੀਤਾ ਗਿਆ ਹੋਵੇ। ਉਨ੍ਹਾਂ ਦੇ ਨਾਲ ਕੋਵਿਡ-19 ਟੈਸਟ ਦੀ ਰਿਪੋਰਟ ਪਹਿਲਾਂ ਤੋਂ ਹੀ ਹੈ। ਲੰਡਨ ‘ਚ ਉਨ੍ਹਾਂ ਦੀ ਜਾਂਚ ਹੋ ਚੁੱਕੀ ਹੈ ਤਾਂ ਇੱਥੇ ਰੋਕਣ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।