ਇਮਰਾਨ ਸਰਕਾਰ ਲਾਂਭੇ ਕਰਨ ਲਈ ਦੇਸ਼ਵਿਆਪੀ ਅੰਦੋਲਨ
ਲਾਹੌਰ, 16 ਅਕਤੂਬਰ
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਨੂੰ ਲਾਂਭੇ ਕਰਨ ਲਈ ਸ਼ੁਰੂ ਕੀਤੀ ਦੇਸ਼ਵਿਆਪੀ ਮੁਹਿੰਮ ਤਹਿਤ ਅੱਜ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਸ਼ਹਿਰ ਗੁੱਜਰਾਂਵਾਲਾ ਦੇ ਸਟੇਡੀਅਮ ਵਿੱਚ ਇਕੱਠੀਆਂ ਹੋਈਆਂ। ਵਿਰੋਧੀ ਧਿਰਾਂ ਦੇ ਆਗੂਆਂ ਨੇ ਸਾਲ 2018 ਦੀਆਂ ਚੋਣਾਂ ਵਿੱਚ ਕਥਿਤ ਧਾਂਦਲੀਆਂ ਮਗਰੋਂ ਫੌਜ ਦੀ ਮੱਦਦ ਨਾਲ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਿਠਾਊਣ ਦੇ ਦੋਸ਼ ਹਨ। ਦੇਸ਼ ਦੀਆਂ ਨੌਂ ਮੁੱਖ ਵਿਰੋਧੀ ਪਾਰਟੀਆਂ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦਾ ਨਾਂ ਦਾ ਸਾਂਝਾ ਮੰਚ ਕਾਇਮ ਕੀਤਾ ਹੈ। ਇਸ ਮੰਚ ਨੇ ਸਰਕਾਰ ਵਿਰੁੱਧ ਦੇਸ਼ਵਿਆਪੀ ਮੁਹਿੰਮ ਵਿੱਢੀ ਹੈ। ਗੁੱਜਰਾਂਵਾਲਾ ਦੇ ਇਕੱਠ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਆਗੂ ਮਰੀਅਮ ਨਵਾਜ਼, ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਸਣੇ ਕਈ ਆਗੂਆਂ ਨੇ ਸੰਬੋਧਨ ਕੀਤਾ। ਦੂਜੇ ਪਾਸੇ, ਇਮਰਾਨ ਖਾਨ ਦਾ ਕਹਿਣਾ ਹੈ ਕਿ ਊਹ ਵਿਰੋਧੀ ਪਾਰਟੀਆਂ ਦੀ ਮੁਹਿੰਮ ਤੋਂ ਡਰਦਾ ਨਹੀਂ ਹੈ ਅਤੇ ਇਹ ਮੁਹਿੰਮ ਇਨ੍ਹਾਂ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਕੇਸ ਰੱਦ ਕਰਾਊਣ ਲਈ ਬਲੈਕਮੇਲ ਕਰਨ ਦੇ ਮਕਸਦ ਨਾਲ ਵਿੱਢੀ ਗਈ ਹੈ।