ਪੰਜਾਬ ‘ਚ ਨਵੇਂ ਸਾਲ ‘ਚ ਚੱਲਣਗੀਆ ਨੌਂ ਹੋਰ ਐਕਸਪ੍ਰੈੱਸ ਟ੍ਰੇਨਾਂ, ਕੁਝ ਦੇ ਰੂਟ ਬਦਲਣਗੇ

ਫਿਰੋਜ਼ਪੁਰ : Indian Railways : ਪੰਜਾਬ ਦੇ ਰੇਲ ਯਾਤਰੀਆਂ ਲਈ ਚੰਗੀ ਖ਼ਬਰ ਹੈ। ਸੂਬੇ ‘ਚ ਯਾਤਰੀ ਟ੍ਰੇਨਾਂ ਦੀ ਗਿਣਤੀ ਵਧੇਗੀ ਤੇ ਇਸ ਨਾਲ ਸੂਬੇ ‘ਚ ਰੇਲ ਸੇਵਾਵਾਂ ਦਰੁਸਤ ਹੋਣਗੀਆਂ। ਰੇਲਵੇ ਨੇ ਨਵੇਂ ਸਾਲ ‘ਚ ਪੰਜਾਬ ‘ਚ ਨੌਂ ਹੋਰ ਐਕਸਪ੍ਰੈੱਸ ਟ੍ਰੇਨਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਪੰਜਾਬ ਤੋਂ ਹੋ ਕੇ ਚੱਲਣ ਵਾਲੀਆਂ ਕਈ ਟ੍ਰੇਨਾਂ ਦਾ ਰੂਟ ਬਦਲਣ ਦਾ ਵੀ ਫ਼ੈਸਲਾ ਕੀਤਾ ਹੈ।

ਫਿਰੋਜ਼ਪੁਰ ਡਵੀਜ਼ਨ ਦੇ ਜੰਮੂ ਤੇ ਅੰਮ੍ਰਿਤਸਰ ਦੇ ਮਹੱਤਵਪੂਰਨ ਰੂਟ ਚਲਾਉਣ ਦਾ ਐਲਾਨ

ਫਿਰੋਜ਼ਪੁਰ ਰੇਲਵੇ ਡਵੀਜ਼ਨ (Ferozpur Railway Devision) ਨੇ ਨਵੇਂ ਸਾਲ ਤੋਂ ਅੰਮ੍ਰਿਤਸਰ ਤੇ ਜੰਮੂ ਦੇ ਮਹੱਤਵਪੂਰਨ ਰੂਟਸ ‘ਤੇ ਨੌਂ ਐਕਸਪ੍ਰੈੱਸ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਫਿਰੋਜ਼ਪੁਰ ਰੇਲਵੇ ਮੰਡਲ ਦੇ ਡੀਆਰਐੱਮ ਰਾਜੇਸ਼ ਅਗਰਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਪਹਿਲਾਂ ਤੋਂ ਕੁਝ ਟ੍ਰੇਨਾਂ ਰੱਦ ਕਰਨੀਆਂ ਪਈਆਂ। ਜਿਹੜੀਆਂ ਟ੍ਰੇਨਾਂ ਰੂਟ ਬਦਲ ਕੇ ਚੱਲ ਰਹੀਆਂ ਹਨ, ਉਨ੍ਹਾਂ ਨੂੰ ਵਾਇਆ ਤਰਨਤਾਰਨ ਤੇ ਬਿਆਸ ਹੋ ਕੇ ਜਾਰੀ ਰੱਖਿਆ ਜਾਵੇਗਾ। ਫਿਲਹਾਲ ਅੰਮ੍ਰਿਤਸਰ ਤੋਂ ਜੈਨਗਰ ਤੇ ਬਾਂਦਰਾ ਟਰਮੀਨਲ ਲਈ ਜਨਵਰੀ ਤੋਂ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ। ਜਨਵਰੀ ਦੇ ਪਹਿਲੇ ਹਫ਼ਤੇ ਇਨ੍ਹਾਂ ਟ੍ਰੇਨਾਂ ਨੂੰ ਵੀ ਰੂਟ ਬਦਲ ਕੇ ਚਲਾਇਆ ਜਾਵੇਗਾ।
ਫਿਰੋਜ਼ਪੁਰ ਡਵੀਜ਼ਨ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੰਮ੍ਰਿਤਸਰ ਤੇ ਜੈਨਗਰ ਤੋਂ ਬਾਂਦਰਾ ਟਰਮੀਨਲ ਤੋਂ ਇਲਾਵਾ ਜੰਮੂ-ਤਵੀ ਤੋਂ ਨਵੀਂ ਦਿੱਲੀ ਤੇ ਕੋਟਾ, ਸ਼੍ਰੀ ਵੈਸ਼ਨੋ ਦੇਵੀ ਕੱਟੜਾ ਤੋਂ ਰਿਸ਼ੀਕੇਸ਼, ਬਾਂਦਰਾ ਟਰਮੀਨਲ, ਗਾਂਧੀਧਾਮ, ਹਾਪੁੜ ਤੇ ਜਾਮਨਗਰ ਲਈ ਟ੍ਰੇਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਵਾਇਰਸ ਕਾਰਨ ਰੱਦ ਹੋਈਆਂ ਇਨ੍ਹਾਂ ਐਕਸਪ੍ਰੈੱਸ ਟ੍ਰੇਨਾਂ ਨੂੰ ਮੁੜ ਜਨਵਰੀ ਤੋਂ ਬਹਾਲ ਕਰਨ ਦੀ ਤਿਆਰੀ ਕੀਤੀ ਗਈ ਹੈ।
ਫਿਰੋਜ਼ਪੁਰ ਡਵੀਜ਼ਨ ਦੇ ਖੇਤਰੀ ਮੈਨੇਜਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਧੁੰਦ ਕਾਰਨ ਰੱਦ ਕੀਤੀਆਂ ਗਈਆਂ ਟ੍ਰੇਨਾਂ ਤੈਅ ਸ਼ਡਿਊਲ ਮੁਤਾਬਿਕ ਹੀ ਰੱਦ ਹੋਣਗੀਆਂ। ਉਨ੍ਹਾਂ ਕਿਹਾ ਕਿ ਐਕਸਪ੍ਰੈੱਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਜਿੱਥੇ ਟ੍ਰੇਨ ਆਵਾਜਾਈ ਬਹਾਲ ਹੋਵੇਗੀ ਉੱਥੇ ਹੀ ਮਾਤਾ ਵੈਸ਼ਨੋ ਦੇਵੀ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਵੀ ਰਾਹਤ ਮਿਲੇਗੀ।
ਏਡੀਆਰਐੱਮ ਬਲਬੀਰ ਸਿੰਘ ਨੇ ਕਿਹਾ ਕਿ ਜੰਡਿਆਲਾ ਗੁਰੂ ‘ਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਫਿਰੋਜ਼ਪੁਰ ਡਵੀਜ਼ਨ ਦੀਆਂ ਪੰਜ ਐਕਸਪ੍ਰੈੱਸ ਟ੍ਰੇਨਾਂ ਨੂੰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਕਿਸਾਨ ਅੰਦੋਲਨ ਦਾ ਹਲ ਨਿਕਲਣ ਤੋਂ ਬਾਅਦ ਸਾਰੇ ਟ੍ਰੇਨ ਰੂਟਸ ਬਹਾਲ ਹੋਣਗੇ।

Leave a Reply

Your email address will not be published.