ਪੰਜਾਬ ‘ਚ ਬਰਥ ਸਰਟੀਫਿਕੇਟ ‘ਚ ਵੱਡੀ ਰਾਹਤ, 15 ਸਾਲ ਤੋਂ ਜ਼ਿਆਦਾ ਉਮਰ ਹੋਣ ‘ਤੇ ਵੀ ਦਰਜ ਹੋ ਸਕੇਗਾ ਨਾਂ

ਜਲੰਧਰ : ਪੰਜਾਬ ‘ਚ ਬਰਥ ਸਰਟੀਫਿਕੇਟ (Birth Certificate) ‘ਚ ਨਾਂ ਦਰਜ ਨਾ ਹੋਣ ਕਾਰਨ ਪਰੇਸ਼ਾਨ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ। ਹੁਣ 15 ਸਾਲ ਤੋਂ ਜ਼ਿਆਦਾ ਉਮਰ ਹੋਣ ‘ਤੇ ਵੀ ਬਰਥ ਸਰਟੀਫਿਕੇਟ ‘ਚ ਨਾਂ ਦਰਜ ਹੋ ਸਕੇਗਾ। ਪੰਜਾਬ ਸਰਕਾਰ ਨੇ ਇਸ ਸਬੰਧਤ ਹੁਕਮ ਜਾਰੀ ਕਰ ਦਿੱਤੇ ਹਨ। ਨਾਂ ਦਰਜ ਕਰਵਾਉਣ ਲਈ ਅਗਲੇ 5 ਸਾਲ ਤਕ ਦਾ ਸਮਾਂ ਦਿੱਤਾ ਗਿਆ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਹੜੇ ਵਿਦੇਸ਼ ਜਾਣ ਤੇ ਉੱਥੇ ਸਟੱਡੀ ਕਰਨ ਆਦਿ ਲਈ ਅਪਲਾਈ ਕਰਨ ‘ਤੇ ਬਰਥ ਸਰਟੀਫਿਕੇਟ ‘ਚ ਨਾਂ ਦਰਜ ਨਾ ਹੋਣ ਕਾਰਨ ਪਰੇਸ਼ਾਨ ਹੁੰਦੇ ਸਨ।
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ‘ਚ ਹੀ ਇਹ ਮੁੱਦਾ ਉੱਠਿਆ ਸੀ। ਵਿਧਾਨ ਸਭਾ ‘ਚ ਬੋਲਦੇ ਹੋਏ ਜਲੰਧਰ ਕੇਂਦਰੀ ਵਿਧਾਨ ਸਭਾ ਖੇਤਰ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਪ੍ਰਸਤਾਵ ਰੱਖਿਆ ਸੀ ਕਿ 15 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਦੇ ਬਰਥ ਸਰਟੀਫਿਕੇਟ ‘ਚ ਵੀ ਨਾਂ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਤੋਂ ਬਾਅਦ ਇਸ ਮੁੱਦੇ ਸਬੰਧੀ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਸੀ। ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ।
ਨਵੇਂ ਨਿਯਮ ਨਾਲ ਵੱਡੀ ਗਿਣਤੀ ‘ਚ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦੇ ਨਾਂ ਹੁਣ ਤਕ ਬਰਥ ਸਰਟੀਫਿਕੇਟ ‘ਚ ਨਹੀਂ ਦਰਜ ਹਨ। ਅਗਲੇ 5 ਸਾਲ ਕੋਈ ਵੀ ਵਿਅਕਤੀ ਬਰਥ ਸਰਟੀਫਿਕੇਟ ‘ਚ ਨਾਂ ਦਰਜ ਕਰਵਾ ਸਕੇਗਾ। ਹੁਣ ਤਕ ਨਿਯਮ ਅਨੁਸਾਰ ਸਿਰਫ਼ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਂ ਹੀ ਬਰਥ ਸਰਟੀਫਿਕੇਟ ‘ਚ ਦਰਜ ਕਰਵਾਏ ਜਾ ਸਕਦੇ ਸਨ।
ਸਾਲ 2004 ਤੋਂ ਪਹਿਲਾਂ ਜਨਮੇ ਬੱਚਿਆਂ ਦੇ ਮਾਮਲੇ ‘ਚ ਇਹ ਨਿਯਮ ਸੀ ਕਿ ਜਨਮ ਸਰਟੀਫਿਕੇਟ ਬਣਾਉਂਦੇ ਸਮੇਂ ਸਿਰਫ਼ ਬੱਚੇ ਦੇ ਮਾਤਾ-ਪਿਤਾ ਦਾ ਨਾਂ ਹੀ ਦਰਜ ਕੀਤਾ ਜਾਂਦਾ ਸੀ। ਬੱਚੇ ਦੇ ਨਾਂ ਦੀ ਜਗ੍ਹਾ ਲੜਕਾ ਜਾਂ ਲੜਕੀ ਸਿੱਖ ਲਿਖ ਦਿੱਤਾ ਜਾਂਦਾ ਸੀ। ਇਸ ਸਬੰਧੀ ਇਮੀਗ੍ਰੇਸ਼ਨ ਸੈਕਟਰ ਸਮੇਤ ਕਈ ਕੰਮਾਂ ‘ਚ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵਿਚ-ਵਿਚਾਲੇ ਇਸ ਵਿਚ ਛੋਟ ਦਿੰਦੀ ਰਹੀ ਹੈ ਕਿ ਨਾਂ ਦਰਜ ਕਰਵਾ ਦਿੱਤਾ ਜਾਵੇ ਪਰ ਇਸ ਵਾਰ ਵਿਧਾਇਕ ਰਾਜਿੰਦਰ ਬੇਰੀ ਦੇ ਪ੍ਰਸਤਾਵ ‘ਤੇ ਕੇਂਦਰ ਨੂੰ ਭੇਜੀ ਗਈ ਸਿਫਾ਼ਰਸ਼ ਤਹਿਤ ਅਗਲੇ 5 ਸਾਲ ‘ਚ ਨਾਂ ਦਰਜ ਕਰਵਾਉਣ ਦੀ ਛੋਟ ਹੈ। ਵਿਧਾਇਕ ਬੇਰੀ ਨੇ ਕਿਹਾ ਹੈ ਕਿ ਇਹ ਇਕ ਵੱਡੀ ਛੋਟ ਹੈ ਤੇ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

Leave a Reply

Your email address will not be published. Required fields are marked *