ਧੁੱਪ ਨਿਕਲਣ ਨਾਲ ਘਟਿਆ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਪ੍ਰਦੂਸ਼ਣ ਦਾ ਪੱਧਰ

ਚੰਡੀਗੜ੍ਹ : ਧੁੱਪ ਨਿਕਲਣ ਨਾਲ ਠੰਢ ਤੋਂ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਰਹੀ ਹੈ। ਹਵਾ ਵੀ ਪਹਿਲਾਂ ਵਾਂਗ ਇਕਦਮ ਸਾਫ਼ ਹੋ ਰਹੀ ਹੈ। ਹਵਾ ‘ਚ ਨਮੀ ਦੀ ਵਜ੍ਹਾ ਨਾਲ ਲਟਕੇ ਪ੍ਰਦੂਸ਼ਣ ਦੇ ਕਣਾਂ ਦਾ ਹੁਣ ਜ਼ਮੀਨ ‘ਤੇ ਡਿੱਗਣ ਦਾ ਪੱਧਰ ਲਗਾਤਾਰ ਘਟ ਰਿਹਾ ਹੈ।
ਸ਼ੁੱਕਰਵਾਰ ਨੂੰ ਏਅਰ ਕੁਆਲਿਟੀ ਇੰਡੈਕਸ (AQI) ਘੱਟ ਕੇ 109 ਪ੍ਰਤੀ ਕਿਊਬਿਕ ਮੀਟਰ ਤਕ ਆ ਗਿਆ। ਚਾਰ ਦਿਨਾਂ ਤੋਂ ਇਸ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਨਾਲ ਹਵਾ ਸਾਫ਼-ਸੁਥਰੀ ਹੋ ਰਹੀ ਹੈ। ਧੁੱਪ ਦਾ ਅਸਰ ਸਿਰਫ਼ ਚੰਡੀਗੜ੍ਹ ਹੀ ਨਹੀਂ ਆਸ-ਪਾਸ ਦੇ ਸ਼ਹਿਰਾਂ ‘ਤੇ ਵੀ ਪੈ ਰਿਹਾ ਹੈ। ਪੰਚਕੂਲਾ ‘ਚ AQI ਘਟ ਕੇ 145 ਤਕ ਪਹੁੰਚ ਗਿਆ ਜਦਕਿ ਪਹਿਲਾਂ ਇਹ ਲਗਪਗ 300 ਤਕ ਪਹੁੰਚ ਗਿਆ ਸੀ। ਤਾਪਮਾਨ ਜਿਵੇਂ-ਜਿਵੇਂ ਵਧੇਗਾ ਹਵਾ ‘ਚ ਸੁਧਾਰ ਹੋਵੇਗਾ। ਹਵਾ ‘ਚ ਪ੍ਰਦੂਸ਼ਣ ਦੀ ਮਾਤਰਾ ਘੱਟ ਹੋਵੇਗੀ।

ਚੰਡੀਗੜ੍ਹ ਦੇ ਸ਼ਹਿਰਾਂ ‘ਚ ਵੀ ਸੁਧਰੇ ਹਾਲਾਤ

ਚੰਡੀਗੜ੍ਹ ਹੀ ਨਹੀਂ ਹੁਣ ਪੰਜਾਬ ਦੇ ਸ਼ਹਿਰਾਂ ‘ਚ ਵੀ ਸਥਿਤੀ ਬਿਹਤਰ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਜਲੰਧਰ ਦਾ AQI 184, ਲੁਧਿਆਣਾ ‘ਚ 139 ਤੇ ਪਟਿਆਲਾ ਦਾ 191 ਦਰਜ ਕੀਤਾ ਗਿਆ ਜਦਕਿ ਦੋ ਦਿਨ ਪਹਿਲਾਂ ਤਕ ਇੱਥੇ ਪੋਲਿਊਸ਼ਨ ਲੈਵਲ 200 ਤੋਂ ਜ਼ਿਆਦਾ ਸੀ। ਪੰਜਾਬ ‘ਚ ਕਿਸਾਨ ਅੰਦੋਲਨ ਦਾ ਅਸਰ ਵੀ ਕਾਫ਼ੀ ਜ਼ਿਆਦਾ ਹੈ। ਆਰਥਿਕ ਤੇ ਦੂਸਰੀਆਂ ਗਤੀਵਿਧੀਆਂ ਬੰਦ ਹੋਣ ਦਾ ਅਸਰ ਸ਼ੁਰੂ ਤੋਂ ਹੀ ਹਵਾ ‘ਤੇ ਦਿਖ ਰਿਹਾ ਹੈ, ਉੱਥੇ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਵੀ ਏਨਾ ਜ਼ਿਆਦਾ ਨਹੀਂ ਪਹੁੰਚਿਆ ਸੀ।

ਹਰਿਆਣਾ ਦੀ ਹਵਾ ‘ਚ ਵੀ ਸੁਧਾਰ

ਅੰਬਾਲਾ ਤੇ ਯਮੁਨਾਨਗਰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਆ ਚੁੱਕੇ ਹਨ, ਪਰ ਹੁਣ ਸਾਰੇ ਸ਼ਹਿਰਾਂ ‘ਚ ਤਾਪਮਾਨ ਵਧਣ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਘਟ ਰਿਹਾ ਹੈ। ਸ਼ੁੱਕਰਵਾਰ ਨੂੰ ਅੰਬਾਲਾ ‘ਚ AQI 236, ਕੁਰੂਕਸ਼ੇਤਰ ਦਾ 302, ਕਰਨਾਲ ਦਾ 281 ਦਰਜ ਕੀਤਾ ਗਿਆ, ਉੱਥੇ ਹੀ ਗੱਲ ਦਿੱਲੀ ਐੱਨਸੀਆਰ ਦੀ ਕਰੀਏ ਤਾਂ ਇੱਥੇ ਹਾਲੇ ਵੀ AQI 300 ਦੇ ਪਾਰ ਹੀ ਹੈ। ਨਵੀਂ ਦਿੱਲੀ ਦਾ AQI 387, ਨੋਇਡਾ ਦਾ 415, ਫ਼ਰੀਦਾਬਾਦ ਦਾ 350, ਗੁਰੂਗ੍ਰਾਮ ਦਾ 327 ਦਰਜ ਕੀਤਾ ਗਿਆ। ਗਾਜ਼ੀਆਬਾਦ ‘ਚ ਤਾਂ ਇਹ ਹਾਲੇ ਵੀ 421 ਦਰਜ ਕੀਤਾ ਗਿਆ।

Leave a Reply

Your email address will not be published. Required fields are marked *