ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੜਾਕੇ ਦੀ ਠੰਢ ‘ਚ ਨੰਗੇ ਧੜ ਹੋ ਕੇ ਪ੍ਰਗਟਾਇਆ ਰੋਸ

ਜੰਡਿਆਲਾ ਗੁਰੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਗਹਿਰੀ ਮੰਡੀ ਵਿਖੇ 92ਵੇਂ ਦਿਨ ਵਿਚ ਦਾਖ਼ਲ ਹੋ ਗਿਆ, ਜੋ ਕਾਲੇ ਕਾਨੂੰਨਾਂ ਦੀ ਵਾਪਸੀ ਤਕ ਜਾਰੀ ਰਹੇਗਾ। ਅੱਤ ਦੀ ਸਰਦੀ ਦੇ ਬਾਵਜੂਦ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨੰਗੇ ਧੜ ਹੋ ਕੇ ਪ੍ਰਦਰਸ਼ਨ ਕੀਤਾ ਗਿਆ। ਜੰਡਿਆਲਾ ਗੁਰੂ ਵਿਖੇ ਰੇਲ ਰੋੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾਂ, ਹਰਪ੍ਰਰੀਤ ਸਿੰਘ ਸਿਧਵਾਂ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨ ਪਾਸ ਕੀਤੇ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਤੋਂ ਪੂਰੀ ਤਰ੍ਹਾਂ ਘਬਰਾ ਕੇ ਗੱਲਬਾਤ ਦਾ ਸੱਦਾ ਤਾਂ ਦੇ ਰਹੀ ਹੈ ਪਰ ਵਾਰ-ਵਾਰ ਖੇਤੀ ਬਿੱਲਾਂ ਵਿਚ ਸੋਧਾਂ ਕਰਨ ਦੀ ਗੱਲ ਕਰ ਕੇ ਕਿਸਾਨਾਂ ਦੀ ਮੰਗ ਨੂੰ ਅਣਗੌਲ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਇਕ ਪਾਸੇ ਸਰਕਾਰ ਨੇ ਕਿਸਾਨ ਦਿਹਾੜਾ ਮਨਾਇਆ ਤੇ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਰੁਲ ਰਿਹਾ ਹੈ, ਜੋ ਕੇਂਦਰ ਸਰਕਾਰ ਲਈ ਵੱਡੀ ਸ਼ਰਮਨਾਕ ਗੱਲ ਹੈ। ਜ਼ੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਸਭਰਾਂ ਦੀ ਅਗਵਾਈ ਵਿਚ ਕਿਸਾਨਾਂ ਦਾ ਕਾਫ਼ਲਾ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜੰਡਿਆਲਾ ਗੁਰੂ ਰੇਲਵੇ ਟਰੈਕ ਪਾਰਕ ‘ਚ ਚੱਲ ਰਹੇ ਧਰਨੇ ਵਿਚ ਸ਼ਾਮਲ ਹੋਇਆ। ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਇੰਦਰਜੀਤ ਸਿੰਘ ਕੱਲੀਵਾਲਾ, ਰਣਜੀਤ ਸਿੰਘ ਕਲੇਰਬਾਲਾ, ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਵਿਚ ਧਰਨਾ ਨਿਰੰਤਰ ਚੱਲ ਰਿਹਾ ਹੈ। ਦਿੱਲੀ ਮੋਰਚੇ ਲਈ ਅਗਲਾ ਜਥਾ ਗੁਰਦਾਸਪੁਰ, ਸ਼੍ਰੀ ਹਰਗੋਬਿੰਦਪੁਰ, ਹਸ਼ਿਆਰਪੁਰ ਤੋਂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ‘ਚ ਟੈ੍ਕਟਰ ਟਰਾਲੀਆਂ ਲੈ ਕੇ 25 ਦਸੰਬਰ ਨੂੰ ਰਵਾਨਾ ਹੋਵੇਗਾ। ਇਸ ਮੌਕੇ ਮਹਿਲ ਸਿੰਘ ਮਾੜੀਮੇਘਾ, ਬੋਹੜ ਸਿੰਘ ਤਲਵੰਡੀ, ਬੁੱਧ ਸਿੰਘ, ਜਗਤਾਰ ਸਿੰਘ, ਮੇਜਰ ਸਿੰਘ, ਮੱਲ ਸਿੰਘ, ਅਵਤਾਰ ਸਿੰਘ, ਕਿਰਪਾਲ ਸਿੰਘ, ਅਮਰੀਕ ਸਿੰਘ, ਗੁਰਜੰਟ ਸਿੰਘ, ਅਮਰਜੀਤ ਸਿੰਘ, ਗੁਰਦਿਆਲ ਸਿੰਘ, ਜਗਤਾਰ ਸਿੰਘ ਕੱਚਾ ਪੱਕਾ, ਦਾਰਾ ਸਿੰਘ ਤਲਵੰਡੀ, ਹਰਭਜਨ ਸਿੰਘ, ਅਜਮੇਰ ਸਿੰਘ, ਅਵਤਾਰ ਸਿੰਘ ਸਭਰਾਂ, ਅਮੋਲਕਜੀਤ ਸਿੰਘ ਨਰਾਇਣਗੜ੍ਹ, ਗੁਰਪਾਲ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published.