ਅਮਰੀਕੀ ਐੱਮ ਪੀਜ਼ ਨੇ ਵਿਦੇਸ਼ ਮੰਤਰੀ ਨੂੰ ਭਾਰਤ ਕੋਲ ਕਿਸਾਨੀ ਮੁੱਦਾ ਚੁੱਕਣ ਲਈ ਕਿਹਾ

ਵਾਸ਼ਿੰਗਟਨ – ਭਾਰਤੀ ਮੂਲ ਦੀ ਅਮਰੀਕੀ ਪਾਰਲੀਮੈਂਟ ਮੈਂਬਰ ਪ੍ਰਮਿਲਾ ਜੈਪਾਲ ਸਮੇਤ ਅਮਰੀਕਾ ਦੇ ਸੱਤ ਪ੍ਰਭਾਵਸ਼ਾਲੀ ਮੈਂਬਰਾਂ ਨੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੂੰ ਚਿੱਠੀ ਲਿਖ ਕੇ ਇਹ ਬੇਨਤੀ ਕੀਤੀ ਹੈ ਕਿ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਉਹ ਭਾਰਤੀ ਵਿਦੇਸ਼ ਮੰਤਰੀ ਕੋਲ ਚੁੱਕਣ। ਭਾਰਤ ਸਰਕਾਰ ਨੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਵਿਦੇਸ਼ੀ ਆਗੂਆਂ ਦੀਆਂ ਟਿੱਪਣੀਆਂ ਨੂੰ ਗੁਮਰਾਹਕੁੰਨ ਜਾਣਕਾਰੀ ਉੱਤੇ ਆਧਾਰਤ ਤੇ ਗਲਤ ਦੱਸਿਆ ਤੇ ਕਿਹਾ ਹੈ ਕਿ ਇਹ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਦਾ ਮੁੱਦਾ ਹੈ। ਇਸ ਬਾਰੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦਸੰਬਰ ਦੇ ਸ਼ੁਰੂ ਵਿੱਚ ਕਿਹਾ ਸੀ, ‘ਅਸੀਂ ਭਾਰਤ ਵਿੱਚ ਕਿਸਾਨਾਂ ਨਾਲ ਸੰਬੰਧਤ ਕੁਝ ਅਜਿਹੀਆਂ ਟਿੱਪਣੀਆਂ ਦੇਖੀਆਂ ਹਨ, ਜੋ ਗੁਮਰਾਹਕੁੰਨ ਸੂਚਨਾਵਾਂ ਉੱਤੇ ਆਧਾਰਤ ਹਨ। ਏਦਾਂ ਦੀਆਂ ਟਿੱਪਣੀਆਂ ਗਲਤ ਹਨ, ਖਾਸ ਕਰ ਕੇ ਜਦੋਂ ਉਹ ਇੱਕ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸੰਬੰਧਤ ਹੋਣ।’
ਅਮਰੀਕੀ ਪਾਰਲੀਮੈਂਟ ਮੈਂਬਰਾਂ ਵੱਲੋਂ ਪੋਂਪੀਓ ਨੂੰ 23 ਦਸੰਬਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਨਾਲ ਜੁੜਿਆ ਇਹ ਮੁੱਦਾ ਅਮਰੀਕੀ ਸਿੱਖਾਂ ਲਈ ਚਿੰਤਾ ਦਾ ਮੁੱਖ ਕਾਰਨ ਹੈ ਤੇ ਇਹ ਹੋਰ ਭਾਰਤੀ ਰਾਜਾਂ ਦੇ ਲੋਕਾਂ ਨੂੰ ਵੀ ਬਹੁਤ ਪ੍ਰਭਾਵਤ ਕਰਦਾ ਹੈ। ਇਸ ਵਿੱਚ ਕਿਹਾ ਗਿਆ ਹੈ, ‘‘ਭਾਰਤੀ ਮੂਲ ਦੇ ਕਈ ਲੋਕ ਇਸ ਨਾਲ ਸਿੱਧੇ ਤੌਰ ਉੱਤੇ ਪ੍ਰਭਾਵਤ ਹੋ ਰਹੇ ਹਨ, ਕਿਉਂਕਿ ਪੰਜਾਬ ਵਿੱਚ ਉਨ੍ਹਾਂ ਦੇ ਪਰਵਾਰ ਅਤੇ ਜੱਦੀ ਜ਼ਮੀਨ ਹੈ ਅਤੇ ਉਹ ਭਾਰਤ ਵਿੱਚ ਆਪਣੇ ਪਰਵਾਰਾਂ ਦੀ ਸੁੱਖ-ਸਾਂਦ ਲਈ ਚਿੰਤਤ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਾਡੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਅਮਰੀਕਾ ਦੀ ਵਿਦੇਸ਼ਾਂ ਵਿੱਚ ਰਾਜਨੀਤਕ ਪ੍ਰਗਟਾਵੇ ਦੀ ਆਜ਼ਾਦੀ ਦੀ ਵਚਨਬੱਧਤਾ ਨੂੰ ਕਾਇਮ ਰੱਖਣ ਖਾਤਰ ਭਾਰਤ ਦੇ ਵਿਦੇਸ਼ ਮੰਤਰੀ ਨਾਲ ਗੱਲ ਕਰੋ।” ਇਸ ਚਿੱਠੀ ਵਿੱਚ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਕਿ ਸਿਆਸੀ ਵਿਰੋਧਾਂ ਤੋਂ ਜਾਣੂ ਹੋਣ ਦੇ ਨਾਤੇ ਅਮਰੀਕਾ ਸਮਾਜਕ ਅਸ਼ਾਂਤੀ ਦੇ ਵਰਤਮਾਨ ਹਾਲਾਤ ਵਿੱਚ ਭਾਰਤ ਨੂੰ ਸਲਾਹ ਦੇ ਸਕਦਾ ਹੈ।

Leave a Reply

Your email address will not be published.