ਇਕ ਘੰਟੇ ਦੌਰਾਨ 3 ਬਾਈਕ ਸਵਾਰਾਂ ਨੇ ਦੋ ਜਣਿਆਂ ‘ਤੇ ਕੀਤੀ ਅੰਨ੍ਹੇਵਾਹ ਫਾਇਰਿੰਗ
ਤਰਨਤਾਰਨ : ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਨੇ ਇੱਥੇ ਪਿੰਡ ਸ਼ੇਰੋਂ ਦੇ ਇਲਾਕੇ ਵਿਚ ਦੋ ਵਿਅਕਤੀਆਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਦੋਵੇਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਦੋਵੇਂ ਘਟਨਾਵਾਂ ਇੱਕੋ ਬਾਈਕ ਦੇ ਸਵਾਰਾਂ ਨੇ ਅੰਜਾਮ ਦਿੱਤੀਆਂ ਹਨ। ਦੋਵੇਂ ਵਾਰਦਾਤਾਂ ਵਿਚ ਫ਼ਿਲਹਾਲ ਕੋਈ ਵੱਡੀ ਲੁੱਟ ਸਾਹਮਣੇ ਨਹੀਂ ਆਈ ਹੈ।
ਪਹਿਲੀ ਘਟਨਾ ਪਿੰਡ ਸ਼ੇਰੋਂ ਕੋਲ ਕੌਮੀ ਸ਼ਾਹ ਮਾਰਗ ‘ਤੇ ਵਾਪਰੀ, ਜਿੱਥੇ ਝਬਾਲ ਦੀ ਸਟੇਟ ਬੈਂਕ ਆਫ ਇੰਡੀਆ ਵਿਚ ਸੁਰੱਖਿਆ ਗਾਰਡ ਤਾਇਨਾਤ ਬਲਵਿੰਦਰ ਸਿੰਘ ਨੂੰ ਰਾਤ ਦੀ ਡਿਊਟੀ ਕਰ ਕੇ ਦੁੁਪਹਿਰ ਕਰੀਬ ਸਵਾ 12 ਵਜੇ ਘਰ ਜਾਂਦਿਆਂ ਮੋਟਰਸਾਈਕਲ ਸਵਾਰ ਤਿੰਨ ਨਕਾਪੋਸ਼ਾਂ ਨੇ ਨਿਸ਼ਾਨਾ ਬਣਾਇਆ।
ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਉੱਪਰ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇਕ ਗੋਲੀ ਉਸ ਦੀ ਲੱਤ ਦੇ ਆਰ-ਪਾਰ ਹੋ ਗਈ। ਗੰਭੀਰ ਹਾਲਤ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਮਾਮਲੇ ਦੀ ਜਾਂਚ ਵਿਚ ਹਾਲੇ ਪੁਲਿਸ ਲੱਗੀ ਹੀ ਸੀ ਕਿ ਸਵਾ ਇਕ ਵਜੇ ਨੌਸ਼ਹਿਰਾ ਪਨੂੰਆਂ ਤੋਂ ਲੋਹੁਕਾ ਮਾਰਗ ‘ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਇਕ ਹੋਰ ਵਿਅਕਤੀ ‘ਤੇ ਤਿੰਨ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਮੁਤਾਬਕ ਮਨਦੀਪ ਸਿੰਘ (30 ਸਾਲ) ਪੁੱਤਰ ਤਰਲੋਕ ਸਿੰਘ ਵਾਸੀ ਪਾਤੜਾਂ (ਪਟਿਆਲਾ) ਅੰਮਿ੍ਤਸਰ ਵਿਚ ਕਿਰਾਏ ‘ਤੇ ਰਹਿੰਦਾ ਹੈ, ਏਟੀਐੱਮ ਮਸ਼ੀਨਾਂ ਦੀ ਮੁਰੰਮਤ ਕਰਦਾ ਹੈ। ਉਹ ਸਕੂਟਰ ਚਲਾ ਕੇ ਨੌਸ਼ਹਿਰਾ ਪਨੂੰਆਂ ਤੋਂ ਲੋਹੁਕਾ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਖੱਬੇ ਵਿਚ ਪੈਟਰੋਲ ਪੰਪ ਕੋਲ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਬਾਈਕ ਸਵਾਰਾਂ ਨੇ ਉਸ ਉੱਪਰ ਤਿੰਨ ਗੋਲੀਆਂ ਚਲਾਈਆਂ, ਜਿੰਨਾ ਵਿੱਚੋਂ ਇਕ ਉਸ ਦੀ ਛਾਤੀ, ਦੂਸਰੀ ਬਾਂਹ ਤੇ ਤੀਸਰੀ ਪਿੱਠ ਵਿਚ ਲੱਗੀ। ਜਦੋਂਕਿ ਇਕ ਗੋਲੀ ਉਸ ਦੇ ਕੋਲ ਦੀ ਹੋ ਕੇ ਲੰਘ ਗਈ।
ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਕੂਟਰ ਅੱਗੇ ਪਏ ਮੁਰੰਮਤ ਵਾਲੇ ਸਮਾਨ ਦਾ ਬੈਗ ਗੋਲੀਆਂ ਚਲਾਉਣ ਵਾਲੇ ਲੈ ਗਏ ਹਨ ਪਰ ਹਾਲੇ ਤਕ ਇਸ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਹੈ। ਗੰਭੀਰ ਜ਼ਖ਼ਮੀ ਹੋਏ ਮਨਦੀਪ ਸਿੰਘ ਨੂੰ ਲੋਕਾਂ ਨੇ ਤਰਨਾਤਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲਿਆਂਦਾ, ਜਿੱਥੋਂ ਉਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਅੰਮਿ੍ਤਸਰ ਦੇ ਐਸਕਾਰਟ ਹਸਪਤਾਲ ਲਈ ਰੈਫਰ ਕੀਤਾ ਗਿਆ। ਪੁਲਿਸ ਮੁਤਾਬਕ ਹਮਲਾਵਰਾਂ ਕੋਲ ਸਟਨਰ ਮੋਟਰਸਾਈਕਲ ਹੈ ਤੇ ਲੰਘੇ ਦਿਨ ਪਿੰਡ ਮੋਹਨਪੁਰਾ ਦੇ ਪੈਟਰੋਲ ਪੰਪ ‘ਤੇ ਲੁੱਟ ਕਰਨ ਵਾਲੇ ਵੀ ਮੋਟਰਸਾਈਕਲ ਸਵਾਰ ਦੱਸੇ ਜਾ ਰਹੇ ਹਨ। ਪੁਲਿਸ ਚੌਂਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਏਐੱਸਆਈ ਜਸਪ੍ਰਰੀਤ ਸਿੰਘ ਮੁਤਾਬਕ ਜ਼ਖ਼ਮੀਆਂ ਦੇ ਬਿਆਨ ਕਲਮਬੰਦ ਕਰ ਕੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ।
ਐੱਸਐੱਸਪੀ ਧਰੂਮਨ ਐੱਚ ਨਿੰਬਲੇ ਮੁਤਾਬਕ ਇਸ ਤੋਂ ਪਹਿਲਾਂ ਵੀ ਇਕ ਗਿਰੋਹ ਇਲਾਕੇ ਵਿਚ ਸਰਗਰਮ ਸੀ ਜਿਸ ਦੀ ਪਛਾਣ ਕਰ ਕੇ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਜੋ ਲੁਟੇਰੇ ਸਰਗਰਮ ਹਨ ਉਨ੍ਹਾਂ ਵਿੱਚੋਂ ਵੀ ਕੁਝਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਪੁਲਿਸ ਮੁਸਤੈਦੀ ਨਾਲ ਭਾਲ ਕਰ ਰਹੀ ਹੈ।