ਬਰਗਾੜੀ ਬੇਅਦਬੀ ਕਾਂਡ: ਆਈਜੀ ਨੂੰ ਕੇਸ ਤੋਂ ਹਟਾਉਣ ਦੀ ਮੰਗ ‘ਤੇ ਪੀੜਤ ਪਰਿਵਾਰ ਨੂੰ ਇਤਰਾਜ਼

ਫ਼ਰੀਦਕੋਟ: ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਬਹਿਬਲ ਗੋਲੀਕਾਂਡ ਕੇਸ ਦੇ ਨਾਮਜ਼ਦ ਉਦੋਂ ਦੇ ਐੱਸਐੱਚਓ ਸ਼ਹਿਰੀ ਕੋਟਕਪੂਰਾ ਗੁਰਦੀਪ ਸਿੰਘ ਪੰਧੇਰ ਵੱਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰਨ ਤੇ ਮੁਕੱਦਮੇ ਦੀ ਪੜਤਾਲ ਕਰ ਰਹੀ ਐੱਸਆਈਟੀ ਦੇ ਮੁੱਖ ਮੈਂਬਰ ਤੇ ਆਈਜੀ ਕੁੰਵਰ ਵਿਜੇਪ੍ਰਤਾਪ ਸਿੰਘ ਨੂੰ ਕੇਸ ਤੋਂ ਪਾਸੇ ਕਰਨ ਦੀ ਮੰਗ ‘ਤੇ ਪੀੜਤ ਪਰਿਵਾਰਾਂ ਨੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ।

ਪੀੜਤ ਪਰਿਵਾਰਾਂ ਮੁਤਾਬਕ ਆਈਜੀ ਕੁੰਵਰ ਦੀ ਅਗਵਾਈ ਵਿਚ ਮਾਮਲੇ ਦੀ ਜਾਂਚ ਸਹੀ ਦਿਸ਼ਾ ਵਿਚ ਚੱਲ ਰਹੀ ਹੈ ਤੇ ਕੇਸ ਨੂੰ ਪ੍ਰਭਾਵਤ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਨੂੰ ਕੇਸ ਤੋਂ ਵੱਖ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਬਹਿਬਲ ਗੋਲੀ ਕਾਂਡ ਵਿਚ ਜਾਨ ਗੁਆਉਣ ਵਾਲੇ ਕਿਸ਼ਨਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਹੈ ਕਿ ਆਈਜੀ ਕੁੰਵਰ ਵਿਜੇਪ੍ਰਤਾਪ ਸਿੰਘ ਦੀ ਅਗਵਾਈ ਵਿਚ ਗੋਲੀਕਾਂਡ ਨਾਲ ਜੁੜੇ ਪੁਲਿਸ ਅਫ਼ਸਰਾਂ ਸਮੇਤ ਕਈ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਵਿਰੁੱਧ ਅਦਾਲਤ ਵਿਚ ਚਲਾਨ ਤਕ ਪੇਸ਼ ਹੋ ਚੁੱਕੇ ਹਨ।

ਅਜਿਹੇ ਵਕਤ ਵਿਚ ਜੇਕਰ ਆਈਜੀ ਕੁੰਵਰ ਨੂੰ ਪਾਸੇ ਕੀਤਾ ਗਿਆ ਤਾਂ ਨਾ-ਸਿਰਫ਼ ਮੁਕੱਦਮਾ ਪ੍ਰਭਾਵਤ ਹੋਵੇਗਾ ਸਗੋਂ ਲੰਮੇਂ ਵਕਤ ਤੋਂ ਇੰਤਜ਼ਾਰ ਕਰ ਰਹੇ ਪੀੜਤ ਪਰਿਵਾਰਾਂ ਤੇ ਸਿੱਖ ਸੰਗਤ ਨੂੰ ਇਨਸਾਫ਼ ਦੀ ਉਮੀਦ ਨਹੀਂ ਬਚੇਗੀ। ਯਾਦ ਰਹੇ ਘਟਨਾ ਵਾਲੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਚ ਬਰਗਾੜੀ ਬੇਅਦਬੀ ਕਾਂਡ ਦੇ ਵਿਰੋਧ ਵਿਚ ਧਰਨਾ ਦਿੱਤਾ ਜਾ ਰਿਹਾ ਸੀ ਤੇ ਇਸ ਧਰਨੇ ਨੂੰ ਚੁਕਾਉਣ ਲਈ ਪੁਲਿਸ ਦੀ ਗੋਲੀ ਚੱਲਣ ਕਾਰਨ ਦੋ ਮੁਜ਼ਾਹਰਾਕਾਰੀ ਮਾਰੇ ਗਏ ਸਨ। ਇਸ ਕੇਸ ਦੀ ਐੱਸਆਈਟੀ ਨੇ ਤਿੰਨ ਪੁਲਿਸ ਅਫ਼ਸਰਾਂ ਸਣੇ 5 ਜਣਿਆਂ ਵਿਰੁੱਧ ਚਲਾਨ ਪੇਸ਼ ਕੀਤਾ ਹੈ। ਜਦਕਿ ਉਸ ਵੇਲੇ ਦੇ ਡੀਜੀਪੀ ਪੰਜਾਬ ਸੁਮੇਧ ਸੈਣੀ ਸਮੇਤ ਕੁਝ ਹੋਰ ਪੁਲਿਸ ਅਫ਼ਸਰ ਵੀ ਨਾਮਜ਼ਦ ਕੀਤੇ ਗਏ ਹਨ।

 

Leave a Reply

Your email address will not be published.