ਅਨੋਖਾ ਪ੍ਰਦਰਸ਼ਨ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਬੈਕ ਗੇਅਰ ’ਚ ਟਰੈਕਟਰ ਚਲਾ ਕੇ ਦਿੱਲੀ ਲਈ ਰਵਾਨਾ

ਭਵਾਨੀਗੜ੍ਹ : ਦਿੱਲੀ ‘ਚ ਸੰਘਰਸ਼ ’ਤੇ ਬੈਠੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਦੀ ਖ਼ਾਤਰ ਬਰਨਾਲਾ ਜ਼ਿਲ੍ਹਾ ਦੇ ਕਸਬਾ ਧਨੌਲਾ ਨੇੜਲੇ ਪੈਂਦੇ ਪਿੰਡ ਰਸੂਲਪੁਰ ਅਤੇ ਫਰਵਾਹੀ ਦੇ ਦੋ ਕਿਸਾਨ ਅਨੋਖਾ ਤਰੀਕਾ ਅਪਣਾ ਕੇ ਆਪਣੇ ਟਰੈਕਟਰ ਨੂੰ ਰਿਵਰਸ (ਬੈਕ) ਗੇਅਰ ’ਚ ਪਾ ਕੇ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਹਨ। ਜਿਨ੍ਹਾਂ ਦਾ ਪਿੰਡ ਫੱਗੂਵਾਲਾ ਵਿਖੇ ਸਵਾਗਤ ਕੀਤਾ ਗਿਆ।

ਇੱਥੇ ਫੱਗੂਵਾਲਾ ਗੁਰਦੁਆਰਾ ਸਾਹਿਬ ਵਿਖੇ ਰਾਤ ਕੱਟਣ ਉਪਰੰਤ ਦਿੱਲੀ ਨੂੰ ਰਵਾਨਾ ਹੋਣ ਮੌਕੇ ਕਿਸਾਨ ਗੁਰਚਰਨ ਸਿੰਘ ਚੰਨਾ ਅਤੇ ਹਰਬੰਸ ਸਿੰਘ ਬਾਬਾ ਨੇ ਦੱਸਿਆ ਕਿ ਉਹ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦਾ ਹੌਸਲਾ ਵਧਾਉਣ ਅਤੇ ਲਾਗੂ ਕੀਤੇ ਮਾਰੂ ਨਵੇਂ ਕਾਨੂੰਨਾਂ ਖ਼ਿਲਾਫ਼ ਰੋਸ ਜਾਹਰ ਕਰਦਿਆਂ ਆਪਣੇ ਪਿੰਡ ਤੋਂ ਟਰੈਕਟਰ ਨੂੰ ਬੈਕ ਗੇਅਰ ਵਿੱਚ ਦਿੱਲੀ ਲਿਜਾਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਕ ਗਿਅਰ ਲਾਉਣ ਦਾ ਮਤਲਬ ਕੇਂਦਰ ਸਰਕਾਰ ਦਾ ਬੈਂਕ ਗੇਅਰ ਪਾ ਕੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਮਜ਼ਬੂਰ ਕਰਨਾ ਹੈ।

ਉਹ ਦਿੱਲੀ ਦੇ ਸਾਰੇ ਬਾਰਡਰਾਂ ’ਤੇ ਬੈਕ ਗੇਅਰ ਪਾ ਕੇ ਹੀ ਟਰੈਕਟਰ ਲਿਜਾਣਗੇ ਅਤੇ ਜਦੋਂ ਤੱਕ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਦਿੱਲੀ ਰਵਾਨਾ ਹੋਣ ਮੌਕੇ ਪਿੰਡ ਫੱਗੂਵਾਲਾ ਦੇ ਗੁਰੂ ਘਰ ਵਿਖੇ ਟਰੈਕਟਰ ਚਾਲਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਗਿਆਨੀ ਭਗਵਾਨ ਸਿੰਘ ਵੱਲੋਂ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *