ਦੇਸ਼ ਦੀ ਰਾਖੀ ਕਰ ਰਹੇ ਫ਼ੌਜੀ ਜਵਾਨ ਦੇ ਪਿਤਾ ਨੇ ਕਿਸਾਨੀ ਸੰਘਰਸ਼ ’ਚ ਦਮ ਤੋੜਿਆ
ਬਠਿੰਡਾ : ਸਰਹੱਦ ’ਤੇ ਦੇਸ਼ ਦੀ ਰਾਖੀ ਕਰ ਰਹੇ ਫੌਜੀ ਜਵਾਨ ਦੇ ਪਿਤਾ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਕਿਸਾਨੀ ਸੰਘਰਸ਼ ਦੌਰਾਨ ਦਮ ਤੋੜ ਦਿੱਤਾ ਹੈ। ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਕੀ ਦਾ ਕਿਸਾਨ ਬਲਦੇਵ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਿਆ ਹੈ, ਪਰ ਅਜੇ ਤਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਕਿਸਾਨ ਦੇ ਘਰ ਨਹੀਂ ਪੁੱਜਾ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਮਿ੍ਰਤਕ ਦੇ ਪਰਿਵਾਰ ਦੀ ਸਰਕਾਰੀ ਤੌਰ ’ਤੇ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਨ੍ਹਾਂ ਸਮਾਂ ਮਿ੍ਰਤਕ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆਂਵਾਲਾ, ਪ੍ਰੈਸ ਸਕੱਤਰ ਦਲਵੀਰ ਸਿੰਘ ਤੇ ਮੱਖਣ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਦਿੱਲੀ ਵਿਖੇ ਮੋਰਚਾ ਸ਼ੁਰੂ ਹੋਇਆ ਹੈ, ਉਸ ਸਮੇਂ ਤੋਂ ਲੈ ਕੇ ਪਿੰਡ ਗੰਗਾ ਅਬਲੂ ਕੀ ਦਾ ਰਹਿਣ ਵਾਲਾ ਕਿਸਾਨ ਬਲਦੇਵ ਸਿੰਘ ਪੱੁਤਰ ਜ਼ਲੌਰ ਸਿੰਘ ਮੋਰਚੇ ’ਚ ਕਈ ਵਾਰ ਸ਼ਾਮਲ ਹੋ ਚੁੱਕਾ ਹੈ ਤੇ ਹੁਣ ਉਹ ਮੁੜ 27 ਦਸੰਬਰ ਨੂੰ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ। ਉਹ ਜਦੋਂ 29 ਦਸੰਬਰ ਨੂੰ ਹੋਰਨਾਂ ਕਿਸਾਨਾਂ ਨਾਲ ਵਾਪਸ ਆ ਰਿਹਾ ਸੀ ਤਾਂ ਬਹਾਦਰਗੜ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਵਿਚ ਅਚਾਨਕ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਨਾਲ ਸਵਾਰ ਸਾਥੀ ਕਿਸਾਨ ਉਸ ਦੀ ਮਿ੍ਰਤਕ ਦੇਹ ਨੂੰ ਪਿੰਡ ਲੈ ਕੇ ਪੱੁਜੇ। ਕਿਸਾਨ ਬਲਦੇਵ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਇੰਨ੍ਹਾਂ ਮੌਤਾਂ ਦਾ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮਿ੍ਰਤਕ ਬਲਦੇਵ ਸਿੰਘ ਇਕ ਛੋਟਾ ਕਿਸਾਨ ਸੀ, ਜਿਸ ਦੇ ਦੋ ਲੜਕੇ ਹਨ। ਇਕ ਲੜਕਾ ਭਾਰਤੀ ਫੌਜ ਵਿਚ ਦੇਸ਼ ਦੀ ਸੇਵਾ ਕਰ ਰਿਹਾ ਹੈ ਤੇ ਦੂਸਰਾ ਬਹਿਰੀਨ ਦੀ ਵਿਦੇਸ਼ੀ ਧਰਤੀ ’ਤੇ ਆਪਣਾ ਰੁਜ਼ਗਾਰ ਕਮਾਉਣ ਗਿਆ ਹੈ। ਖਬਰ ਲਿਖੇ ਜਾਣ ਤਕ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਦਾ ਕੋਈ ਵੀ ਉੱਚ ਅਧਿਕਾਰੀ ਮਿ੍ਰਤਕ ਕਿਸਾਨ ਦੇ ਘਰ ਨਹੀਂ ਪੱੁਜਾ ਜਿਸ ਕਾਰਨ ਬੁੱਧਵਾਰ ਨੂੰ ਮਿ੍ਰਤਕ ਕਿਸਾਨ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨ ਬਲਦੇਵ ਸਿੰਘ ਦਿੱਲੀ ਕਿਸਾਨ ਮੋਰਚੇ ਵਿਚ ਡਟਿਆ ਹੋਇਆ ਸੀ ਤਾਂ ਉਸਦਾ ਪੁੱਤਰ ਸਰਹੱਦ ’ਤੇ ਦੇਸ਼ ਦੀ ਰਾਖੀ ਕਰ ਰਿਹਾ ਹੈ।