ਨਵਦੀਪ ਬੈਂਸ ਦੇ ਅਸਤੀਫ਼ੇ ਮਗਰੋਂ ਟਰੂਡੋ ਵਜ਼ਾਰਤ ’ਚ ਫੇਰਬਦਲ

ਟੋਰਾਂਟੋ – ਕੈਨੇਡਾ ਸਰਕਾਰ ’ਚ ਭਾਰਤੀ ਮੂਲ ਦੇ ਸਿੱਖ ਮੰਤਰੀ ਨਵਦੀਪ ਬੈਂਸ ਵੱਲੋਂ ਚਾਣਚੱਕ ਦਿੱਤੇ ਅਸਤੀਫ਼ੇ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ’ਚ ਫੇਰਬਦਲ ਕਰਦਿਆਂ ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨਿਊ ਨੂੰ ਨਵਾਂ ਵਿਦੇਸ਼ ਮੰਤਰੀ ਥਾਪ ਦਿੱਤਾ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਟਵਿੱਟਰ ’ਤੇ ਫੇਰਬਦਲ ਦੀ ਤਫ਼ਸੀਲ ਦਿੰਦਿਆਂ ਐਲਾਨ ਕੀਤਾ, ‘ਨਵਦੀਪ ਸਿੰਘ ਬੈਂਸ ਨੇ ਪਰਿਵਾਰ ਨੂੰ ਵੱਧ ਸਮਾਂ ਦੇਣ ਦੇ ਹਵਾਲੇ ਨਾਲ ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਵਜ਼ਾਰਤ ’ਚ ਪਏ ਇਸ ਖੱਪੇ ਨੂੰ ਪੂਰਨ ਲਈ ਅਸੀਂ ਕੈਨੇਡੀਅਨ ਮੰਤਰਾਲੇ ’ਚ ਫੇਰਬਦਲ ਕਰ ਰਹੇ ਹਾਂ।’ ਸਾਲ 2013 ਵਿੱਚ ਟਰੂਡੋ ਦੀ ਚੋਣ ਮੁਹਿੰਮ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ 43 ਸਾਲਾ ਬੈਂਸ ਨੇ ਲੰਘੇ ਦਿਨ ਇਕ ਵੀਡੀਓ ਬਿਆਨ ’ਚ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਵੱਧ ਸਮਾਂ ਦੇਣ ਦੇ ਇਰਾਦੇ ਨਾਲ ਸਿਆਸਤ ਤੋਂ ਸੇਵਾ ਮੁਕਤ ਹੋ ਰਿਹਾ ਹੈ। ਬੈਂਸ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਅਗਲੀ (ਚੋਣ) ਮੁਹਿੰਮ ’ਚ ਬਣਦੀ ‘ਭੂਮਿਕਾ’ ਨਿਭਾਏਗਾ। ਬੈਂਸ, ਸਾਲ 2015 ’ਚ ਟਰੂਡੋ ਵੱਲੋਂ ਆਪਣੀ ਵਜ਼ਾਰਤ ’ਚ ਸ਼ਾਮਲ ਕੀਤੇ ਚਾਰ ਸਿੱਖ ਮੰਤਰੀਆਂ ’ਚੋਂ ਇਕ ਸੀ। ਬੈਂਸ ਨੇ ਸਾਲ 2005 ਵਿੱਚ ਪ੍ਰਧਾਨ ਮੰਤਰੀ ਦੇ ਸੰਸਦੀ ਸਕੱਤਰ ਵਜੋਂ ਵੀ ਕੰਮ ਕੀਤਾ। ਸਾਲ 2004 ਤੋਂ 2011 ਦਰਮਿਆਨ ਉਹ ਸੰਸਦ ਮੈਂਬਰ ਵੀ ਰਿਹਾ। ਮੌਜੂਦਾ ਸਮੇਂ ਟਰੂਡੋ ਕੈਬਨਿਟ ’ਚ ਸਿਰਫ਼ ਦੋ ਸਿੱਖ ਮੰਤਰੀ ਹਨ। ਉਧਰ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ, ‘ਨਵ (ਦੀਪ) ਨੇ ਦਿਲੋਂ ਤੇ ਪੂਰੇ ਜਨੂੰਨ ਨਾਲ ਆਪਣੇ ਭਾਈਚਾਰੇ ਤੇ ਆਪਣੇ ਦੇਸ਼ ਦੀ ਸੇਵਾ ਕੀਤੀ।’ ਉਧਰ ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨਿਊ ਕੈਨੇਡਾ ਦੇ ਨਵੇਂ ਵਿਦੇਸ਼ ਮੰਤਰੀ ਹੋਣਗੇ।

Leave a Reply

Your email address will not be published. Required fields are marked *