ਕੈਨੇਡਾ ਪੋਸਟ ਦੀ ਮਿਸੀਸਾਗਾ ਫੈਸਿਲਿਟੀ ਦੇ 121 ਮੁਲਾਜ਼ਮ ਹੁਣ ਤੱਕ ਪਾਏ ਜਾ ਚੁੱਕੇ ਹਨ ਕੋਵਿਡ-19 ਪਾਜ਼ੀਟਿਵ
ਮਿਸੀਸਾਗਾ – ਕੈਨੇਡਾ ਪੋਸਟ ਵੱਲੋਂ ਕੀਤੇ ਗਏ ਖੁਲਾਸੇ ਵਿੱਚ ਦੱਸਿਆ ਗਿਆ ਕਿ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਮਿਸੀਸਾਗਾ ਵਾਲੀ ਫੈਸਿਲਿਟੀ ਦੇ 121 ਕਰਮਚਾਰੀ ਕੋਵਿਡ-19 ਪਾਜ਼ੀਟਿਵ ਆ ਚੁੱਕੇ ਹਨ।
ਬੁਲਾਰੇ ਫਿਲ ਲੀਗਾਲਟ ਨੇ ਆਖਿਆ ਕਿ ਪੀਲ ਪਬਲਿਕ ਹੈਲਥ ਵੱਲੋਂ ਪੋਸਟਲ ਏਜੰਸੀ ਨੂੰ ਮਿਸੀਸਾਗਾ ਵਿੱਚ ਗੇਟਵੇਅ ਈਸਟ ਫੈਸਿਲਿਟੀ ਦੇ ਆਪਣੇ ਮੁਲਾਜ਼ਮਾਂ ਦੀ ਇੱਕ ਸਿ਼ਫਟ ਦੇ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਲੀਗਾਲਟ ਨੇ ਇੱਕ ਬਿਆਨ ਵਿੱਚ ਆਖਿਆ ਕਿ ਵਾਲੰਟੈਰੀ ਆਧਾਰ ਉੱਤੇ ਹੋਰਨਾਂ ਮੁਲਾਜ਼ਮਾਂ ਦੀ ਆਨ ਸਾਈਟ ਟੈਸਟਿੰਗ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਇਸ ਦੌਰਾਨ ਪਬਲਿਕ ਹੈਲਥ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਪੋਸਟ ਆਪਣਾ ਕੰਮਕਾਜ ਜਾਰੀ ਰੱਖ ਸਕਦੀ ਹੈ।
ਪੀਲ ਪਬਲਿਕ ਹੈਲਥ ਵੱਲੋਂ ਉਸ ਸਮੇਂ ਵਰਕਪਲੇਸ ਆਊਟਬ੍ਰੇਕ ਮੰਨੀ ਜਾਂਦੀ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਲੈਬ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕਰਦੀਆਂ ਹਨ। 15 ਜਨਵਰੀ ਤੱਕ ਪਬਲਿਕ ਹੈਲਥ ਵੱਲੋਂ ਕੰਮ ਵਾਲੀਆਂ ਥਾਂਵਾਂ ਉੱਤੇ 204 ਐਕਟਿਵ ਕੋਵਿਡ-19 ਆਊਟਬ੍ਰੇਕ ਰਿਪੋਰਟ ਕੀਤੀਆਂ ਗਈਆਂ।ਮਿਸੀਸਾਗਾ ਵਿੱਚ ਇਸ ਸਮੇਂ 122 ਕੰਮ ਵਾਲੀਆਂ ਥਾਂਵਾਂ ਤੇ ਫੈਸਿਲਿਟੀ ਆਊਟਬ੍ਰੇਕ ਚੱਲ ਰਹੀਆਂ ਹਨ। ਇਨ੍ਹਾਂ ਵਿੱਚੋਂ 50 ਉਤਪਾਦਨ ਤੇ ਇੰਡਸਟਰੀਅਲ ਖੇਤਰਾਂ ਨਾਲ ਜੁੜੀਆਂ ਹਨ।