Coronavirus in India : ਸੱਤ ਮਹੀਨਿਆਂ ਬਾਅਦ ਸਰਗਰਮ ਕੇਸ ਦੋ ਲੱਖ ਤੋਂ ਘੱਟ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਸੱਤ ਮਹੀਨਿਆਂ ਬਾਅਦ ਸਰਗਰਮ ਕੇਸ ਘੱਟ ਕੇ ਦੋ ਲੱਖ ਤੋਂ ਹੇਠਾਂ ਆ ਗਏ ਹਨ। ਨਵੇਂ ਕੇਸਾਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਵੀ ਬਣਿਆ ਹੋਇਆ ਹੈ। ਕੋਰੋਨਾ ਮਹਾਮਾਰੀ ਕਾਰਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਪਿਛਲੇ ਕੁਝ ਦਿਨਾਂ ਤੋਂ 200 ਤੋਂ ਜ਼ਿਆਦਾ ਹੇਠਾਂ ਬਣੀ ਹੋਈ ਹੈ। ਕੁਲ ਮਿਲਾ ਕੇ ਦੇਸ਼ ‘ਚ ਕੋਰੋਨਾ ਮਹਾਮਾਰੀ ਹੌਲੀ-ਹੌਲੀ ਪੂਰੀ ਤਰ੍ਹਾਂ ਕਾਬੂ ‘ਚ ਆਉਂਦੀ ਨਜ਼ਰ ਆ ਰਹੀ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ‘ਚ 13,823 ਨਵੇਂ ਕੇਸ ਹਨ ਤੇ 16,988 ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ ਸਰਗਰਮ ਕੇਸਾਂ ‘ਚ 3,327 ਦੀ ਕਮੀ ਆਈ ਹੈ ਤੇ ਸਰਗਰਮ ਕੇਸ 1,97,201 ‘ਤੇ ਆ ਗਏ ਹਨ, ਜੋ ਕੁਲ ਇਨਫੈਕਟਿਡਾਂ ਦਾ 1.86 ਫ਼ੀਸਦੀ ਹੈ। ਇਸ ਤੋਂ ਪਹਿਲਾਂ 27 ਜੂਨ, 2020 ਨੂੰ ਦੇਸ਼ ‘ਚ ਸਰਗਰਮ ਕੇਸਾਂ ਦੀ ਗਿਣਤੀ 1,97,387 ਸੀ। ਇਸ ਦੌਰਾਨ 162 ਲੋਕਾਂ ਦੀ ਜਾਨ ਵੀ ਗਈ ਹੈ। ਇਸ ਨਾਲ ਕੁਲ ਇਨਫੈਕਟਿਡਾਂ ਦਾ ਅੰਕੜਾ ਇਕ ਕਰੋੜ ਪੰਜ ਲੱਖ 95 ਹਜ਼ਾਰ ਨੂੰ ਪਾਰ ਕਰ ਗਿਆ ਹੈ, ਜਿਨ੍ਹਾਂ ‘ਚੋਂ ਇਕ ਲੱਖ ਦੋ ਲੱਖ 45 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ ਤੇ ਇਕ ਲੱਖ 52 ਹਜ਼ਾਰ 718 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ਵਧ ਕੇ 96.70 ਫ਼ੀਸਦੀ ਹੋ ਗਈ ਹੈ ਤੇ ਮੌਤ ਦੀ ਦਰ 1.44 ਫ਼ੀਸਦੀ ‘ਤੇ ਬਣੀ ਹੋਈ ਹੈ।
ਮੰਤਰਾਲੇ ਮੁਤਾਬਕ 72 ਫ਼ੀਸਦੀ ਸਰਗਰਮ ਕੇਸ ਸਿਰਫ ਪੰਜ ਸੂਬਿਆਂ ‘ਚ ਸੀਮਤ ਹਨ। ਇਨ੍ਹਾਂ ਸੂਬਿਆਂ ‘ਚ ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ ਤੇ ਬੰਗਾਲ ਸ਼ਾਮਲ ਹਨ। ਇਨ੍ਹਾਂ ਵਿਚ ਕੇਰਲ ‘ਚ ਸਭ ਤੋਂ ਜ਼ਿਆਦਾ ਸਰਗਰਮ ਕੇਸ ਹਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਦੇਸ਼ ਦੇ 34 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 10 ਹਜ਼ਾਰ ਤੋਂ ਘੱਟ ਸਰਗਰਮ ਕੇਸ ਰਹਿ ਗਏ ਹਨ।
ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਮੰਗਲਵਾਰ ਨੂੰ ਪੂਰੇ ਦੇਸ਼ ‘ਚ 7,64,120 ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਨੂੰ ਰਲਾ ਕੇ ਹੁਣ ਤਕ 18 ਕਰੋੜ 85 ਲੱਖ 66 ਹਜ਼ਾਰ ਤੋਂ ਜ਼ਿਆਦਾ ਨਮੂੁਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।