ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਵੈਕਸੀਨ ਦੀਆਂ 640,000 ਡੋਜ਼ਾਂ

ਓਟਵਾ, 22 ਫਰਵਰੀ (ਪੋਸਟ ਬਿਊਰੋ) : ਕੈਨੇਡਾ ਨੂੰ ਇਸ ਹਫਤੇ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਕੋਲੋਂ ਕੋਵਿਡ-19 ਵੈਕਸੀਨ ਦੀਆਂ ਡੋਜ਼ਾਂ ਵੱਡੀ ਮਾਤਰਾ ਵਿੱਚ ਮਿਲਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕੈਨੇਡਾ ਆਪਣੇ ਵੱਲੋਂ ਵੈਕਸੀਨੇਸ਼ਨ ਦੀਆਂ ਕੋਸਿ਼ਸ਼ਾਂ ਨੂੰ ਹੋਰ ਤੇਜ਼ ਕਰਨ ਜਾ ਰਿਹਾ ਹੈ।
ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਇਸ ਹਫਤੇ ਉਨ੍ਹਾਂ ਨੂੰ ਇਨ੍ਹਾਂ ਫਾਰਮਾਸਿਊਟੀਕਲ ਕੰਪਨੀਆਂ ਤੋਂ 640,000 ਤੋਂ ਵੱਧ ਸ਼ੌਟਸ ਹਾਸਲ ਹੋਣ ਦੀ ਉਮੀਦ ਹੈ। ਅਜਿਹਾ ਹੋਣ ਨਾਲ ਇੱਕ ਹਫਤੇ ਦੇ ਅੰਦਰ ਅੰਦਰ ਕੈਨੇਡਾ ਨੂੰ ਵੈਕਸੀਨ ਦੀ ਮਿਲਣ ਵਾਲੀ ਇਹ ਸੱਭ ਤੋਂ ਵੱਡੀ ਖੇਪ ਹੋਵੇਗੀ। ਇਸ ਤੋਂ ਪਹਿਲਾ ਰਿਕਾਰਡ ਪਿਛਲੇ ਹਫਤੇ ਉਸ ਸਮੇਂ ਬਣਿਆ ਸੀ ਜਦੋਂ ਫਾਈਜ਼ਰ ਤੇ ਬਾਇਓਐਨਟੈਕ ਨੇ 400,000 ਡੋਜ਼ਾਂ ਕੈਨੇਡਾ ਨੂੰ ਮੁਹੱਈਆ ਕਰਵਾਈਆਂ ਸਨ।
ਦੋਵਾਂ ਕੰਪਨੀਆਂ ਵੱਲੋਂ ਇਸ ਹਫਤੇ 475,000 ਸ਼ੌਟਸ ਤੋਂ ਵੀ ਵੱਧ ਸ਼ੌਟਸ ਕੈਨੇਡਾ ਭੇਜੇ ਜਾਣਗੇ। ਇੰਜ ਲੱਗਦਾ ਹੈ ਕਿ ਦੋਵੇਂ ਕੰਪਨੀਆਂ ਮਾਰਚ ਦੇ ਅੰਤ ਤੱਕ 4 ਮਿਲੀਅਨ ਡੋਜ਼ਾਂ ਕੈਨੇਡਾ ਨੂੰ ਮੁਹੱਈਆ ਕਰਵਾਉਣ ਦੇ ਆਪਣੇ ਫੈਸਲੇ ਨੂੰ ਪੂਰਾ ਕਰਨਾ ਚਾਹੁੰਦੀਆਂ ਹਨ।ਇਸ ਹਫਤੇ ਕੈਨੇਡਾ ਨੂੰ ਮੌਡਰਨਾ ਤੋਂ ਵੀ 168,000 ਸ਼ੌਟਸ ਹਾਸਲ ਹੋਣਗੇ। ਇਹ ਕੰਪਨੀ ਹਰੇਕ ਤੀਜੇ ਹਫਤੇ ਕੈਨੇਡਾ ਨੂੰ ਆਪਣੀ ਵੈਕਸੀਨ ਭੇਜਦੀ ਹੈ। ਫਾਈਜ਼ਰ-ਬਾਇਓਐਨਟਕ ਤੋਂ ਉਲਟ ਮੌਡਰਨਾ ਵੱਲੋਂ ਭੇਜੀ ਜਾਣ ਵਾਲੀ ਵੈਕਸੀਨ ਉੱਤਰੀ ਤੇ ਰਿਮੋਟ ਕਮਿਊਨਿਟੀਜ਼ ਤੱਕ ਪਹੁੰਚਾਈ ਜਾਂਦੀ ਹੈ।

Leave a Reply

Your email address will not be published.