ਕੈਨੇਡੀਅਨ ਸਰਹੱਦਾਂ ਉੱਤੇ ਸਿਹਤ ਸਬੰਧੀ ਸਖ਼ਤ ਮਾਪਦੰਡ ਅੱਜ ਤੋਂ ਹੋਣਗੇ ਲਾਗੂ

ਓਟਵਾ: ਕੈਨੇਡੀਅਨ ਏਅਰਪੋਰਟਸ ਉੱਤੇ ਲ਼ੈਡ ਕਰਨ ਵਾਲੇ ਬਹੁਤੇ ਟਰੈਵਲਰਜ਼ ਲਈ ਅੱਜ ਤੋਂ ਤਿੰਨ ਦਿਨ ਦਾ ਲਾਜ਼ਮੀ ਹੋਟਲ ਕੁਆਰਨਟੀਨ ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਵਿਡ-19 ਦੇ ਹੋਰਨਾਂ ਵੇਰੀਐਂਟਸ ਨੂੰ ਦਾਖਲ ਹੋਣ ਤੋਂ ਰੋਕਣ ਲਈ ਕਈ ਹੋਰ ਮਾਪਦੰਡ ਵੀ ਅਪਣਾਏ ਜਾਣ ਦੀ ਤਾਕੀਦ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਸਖ਼ਤ ਬਾਰਡਰ ਕੰਟਰੋਲ ਟਰੈਵਲਰਜ਼ ਨੂੰ ਸਜ਼ਾ ਦੇਣ ਲਈ ਨਹੀਂ ਸਗੋਂ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਦਾਖਲ ਹੋਣ ਵਾਲੇ ਹਰ ਸ਼ਖਸ ਨੂੰ ਹੋਟਲ ਵਿੱਚ ਕੁਆਰਨਟੀਨ ਹੋਣ ਸਮੇਂ ਆਪਣੇ ਹੋਟਲ ਦਾ ਖਰਚਾ ਆਪ ਹੀ ਚੁੱਕਣਾ ਹੋਵੇਗਾ। ਇਸ ਤੋਂ ਇਲਾਵਾ ਕੈਨੇਡਾ ਪਹੁੰਚਣ ਉਪਰੰਤ ਟਰੈਵਲਰਜ਼ ਨੂੰ ਕਈ ਤਰ੍ਹਾਂ ਦੇ ਕੋਵਿਡ-19 ਟੈਸਟ ਵੀ ਮੁਕੰਮਲ ਕਰਨੇ ਹੋਣਗੇ।
ਦੇਸ਼ ਪਹੁੰਚਣ ਵਾਲੇ ਬਹੁਤੇ ਟਰੈਵਲਰਜ਼ ਨੂੰ ਇੱਥੇ ਪਹੁੰਚਦਿਆਂ ਸਾਰ ਹੀ ਵਾਇਰਸ ਦੇ ਸਬੰਧ ਵਿੱਚ ਟੈਸਟ ਕਰਵਾਉਣਾ ਹੋਵੇਗਾ ਤੇ ਫਿਰ ਲਾਜ਼ਮੀ ਤੌਰ ਉੱਤੇ 14 ਦਿਨ ਕੁਆਰਨਟੀਨ ਰਹਿਣ ਤੋਂ ਬਾਅਦ ਇੱਕ ਹੋਰ ਟੈਸਟ ਕਰਵਾਉਣਾ ਹੋਵੇਗਾ। ਜ਼ਮੀਨੀ ਰਸਤੇ ਕੈਨੇਡਾ ਦਾਖਲ ਹੋਣ ਵਾਲਿਆਂ ਨੂੰ ਸੈਲਫ-ਸਵੈਬ ਕਿੱਟਸ ਦਿੱਤੀਆਂ ਜਾਣਗੀਆਂ ਤੇ ਪੰਜ ਅਹਿਮ ਸਰਹੱਦੀ ਲਾਂਘਿਆਂ ਉੱਤੇ ਲੋਕਾਂ ਦੇ ਟੈਸਟ ਕਰਨ ਦੀ ਸਹੂਲਤ ਵੀ ਹੋਵੇਗੀ। ਉਨ੍ਹਾਂ ਨੂੰ ਆਪਣਾ ਸੈਲਫ ਆਈਸੋਲੇਸ਼ਨ ਪੀਰੀਅਡ ਮੁੱਕਣ ਤੋਂ ਬਾਅਦ 10ਵੇਂ ਦਿਨ ਦੂਜਾ ਟੈਸਟ ਕਰਵਾਉਣਾ ਹੋਵੇਗਾ।

Leave a Reply

Your email address will not be published. Required fields are marked *