ਫੈਡਰਲ ਸਰਕਾਰ ਵੱਲੋਂ ਫਾਈਜ਼ਰ ਨਾਲ 35 ਮਿਲੀਅਨ ਬੂਸਟਰ ਸ਼ੌਟਸ ਲਈ ਕੀਤਾ ਗਿਆ ਕਰਾਰ

ਓਟਵਾ: ਅਗਲੇ ਸਾਲ ਲੱਗਣ ਵਾਲੀ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਲਈ ਫੈਡਰਲ ਸਰਕਾਰ ਵੱਲੋਂ ਫਾਈਜ਼ਰ ਨਾਲ 35 ਮਿਲੀਅਨ ਸ਼ੌਟਸ ਦਾ ਕਰਾਰ ਕੀਤਾ ਗਿਆ ਹੈ। ਉਸ ਤੋਂ ਅਗਲੇ ਸਾਲ ਲਈ 30 ਮਿਲੀਅਨ ਡੋਜ਼ਾਂ ਦੀ ਡੀਲ ਵੀ ਹੋਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਲ 2022 ਤੇ ਸਾਲ 2023 ਵਿੱਚ ਵੀ ਫਾਈਜ਼ਰ ਵੱਲੋਂ 30-30 ਮਿਲੀਅਨ ਡੋਜ਼ਾਂ ਵਾਧੂ ਦੇਣ ਤੇ 2024 ਵਿੱਚ 60 ਮਿਲੀਅਨ ਡੋਜ਼ਾਂ ਵਾਧੂ ਦੇਣ ਦਾ ਕਰਾਰ ਵੀ ਕੀਤਾ ਹੈ।ਟਰੂਡੋ ਨੇ ਆਖਿਆ ਕਿ ਬੂਸਟਰਜ਼ ਤਾਜ਼ਾ ਵਾਇਰਸ ਰਿਸਰਚ ਤੇ ਟੈਸਟਿੰਗ ਮਗਰੋਂ ਤਿਆਰ ਕੀਤੇ ਜਾਣਗੇ।
ਟਰੂਡੋ ਨੇ ਆਖਿਆ ਕਿ ਫਾਈਜ਼ਰ ਕੋਵਿਡ-19 ਖਿਲਾਫ ਕੈਨੇਡਾ ਦੀ ਲੜਾਈ ਵਿੱਚ ਅਹਿਮ ਭਾਈਵਾਲ ਹੈ।ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਫਾਈਜ਼ਰ ਨਾਲ ਇਸ ਤਰ੍ਹਾਂ ਦੀ ਡੀਲ ਕਰਨ ਵਾਲਾ ਕੈਨੇਡਾ ਪਹਿਲਾ ਦੇਸ਼ ਬਣ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਹੋਰਨਾਂ ਵੈਕਸੀਨ ਨਿਰਮਾਤਾ ਕੰਪਨੀਆਂ ਨੂੰ ਬੂਸਟਰ ਸ਼ੌਟਸ ਤਿਆਰ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ। ਇਸ ਤੋਂ ਇਲਾਵਾ ਅਸੀਂ ਘਰੇਲੂ ਪੱਧਰ ਉੱਤੇ ਹੀ ਵੈਕਸੀਨ ਤਿਆਰ ਕਰਨ ਦੀ ਯੋਜਨਾ ਉੱਤੇ ਵੀ ਕੰਮ ਕਰ ਰਹੇ ਹਾਂ।

Leave a Reply

Your email address will not be published.