ਇੰਜਨੀਅਰਿੰਗ ਕਾਲਜ ’ਚ ਕਰਵਾਇਆ ਗੁਰਮਤਿ ਸਮਾਗਮ

ਫ਼ਤਹਿਗੜ੍ਹ ਸਾਹਿਬ, 18 ਅਕਤੂਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਗਿਆਨੀ ਹਰਪਾਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਗ਼ਲ ਸਾਮਰਾਜ ਦੇ ਵਧਦੇ ਜ਼ੁਲਮ ਅਤੇ ਗਰੀਬ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਉਸ ਵੱਲੋਂ ਦਲੇਰੀ ਅਤੇ ਬਹਾਦਰੀ ਨਾਲ ਨਿਭਾਈ ਭੂਮਿਕਾ ਨਾਲ ਸਿੱਖ ਰਾਜ ਦੀ ਸਥਾਪਨਾ ਕਰਨਾ ਖ਼ਾਲਸੇ ਦੀ ਹੋਂਦ ਹਸਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਕੀਤਾ ਯਤਨ ਅੱਜ ਸੰਘਰਸ਼ਸ਼ੀਲ ਕਿਸਾਨਾਂ ਦਾ ਵੀ ਮਾਰਗ-ਦਰਸ਼ਨ ਕਰਦਾ ਹੈ ਅਤੇ ਅਜੋਕੀ ਪੀੜੀ ਨੂੰ ਉਸ ਦੀ ਸੋਚ ਅਤੇ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਪ੍ਰੇਰਦਾ ਹੈ। ਇਸ ਮੌਕੇ ਹਜ਼ੂਰੀ ਰਾਗੀ ਜਥੇਦਾਰ ਭਾਈ ਮਨਜਿੰਦਰ ਸਿੰਘ ਵੱਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ। ਪ੍ਰਿੰਸੀਪਲ ਡਾ. ਗੁਰਚਰਨ ਸਿੰਘ ਲਾਂਬਾ ਨੇ ਦੱਸਿਆ ਕਿ ਕਾਲਜ ਵੱਲੋਂ ਆਨਲਾਈਨ ਲੇਖ ਅਤੇ ਕੁਇਜ਼ ਮੁਕਾਬਲੇ ਤੋਂ ਇਲਾਵਾ ਫਤਹਿ ਮੈਰਾਥਨ ਕਰਵਾਈ ਗਈ। ਗੁਰਮਤਿ ਸਮਾਗਮ ਦੌਰਾਨ ਕਾਲਜ ਵੱਲੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖਾਲਸਾ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਅਵਤਾਰ ਸਿੰਘ ਰਿਆ, ਰਵਿੰਦਰ ਸਿੰਘ ਖਾਲਸਾ ਆਦਿ ਸਮੇਤ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਕਰਮਚਾਰੀ, ਕਾਲਜ ਦੇ ਪ੍ਰਬੰਧਕ ਅਤੇ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *