ਕੁੜੀਆਂ ਵੀ ਉਤਰੀਆਂ ਨਸ਼ਾ ਤਸਕਰੀ ਦੇ ਧੰਦੇ ’ਚ, 18 ਗ੍ਰਾਮ ਸਮੈਕ ਤੇ ਡਰੱਗ ਸਮੇਤ ਗ੍ਰਿਫ਼ਤਾਰ

ਫਿਰੋਜ਼ਪੁਰ: ਸਿੰਥੈਟਿਕ ਡਰੱਗਸ ਦਾ ਨਸ਼ਾ ਪੰਜਾਬ ‘ਚ ਅਮਰਵੇਲ ਦੀ ਤਰ੍ਹਾਂ ਵੱਧਦਾ ਹੀ ਜਾ ਰਿਹਾ ਹੈ। ਕਰੀਬ ਚਾਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਦਾ ਲੱਕ ਤੋੜਣ ਦੇ ਦਾਅਵੇ ਤਾਂ ਕੀਤੇ ਗਏ ਸੀ ਪਰ ਹਲਾਤ ਉਸ ਤੋਂ ਵੀ ਬੱਦਤਰ ਹੁੰਦੇ ਜਾ ਰਹੇ ਹਨ। ਆਲਮ ਇਹ ਹੈ ਕਿ ਹੁਣ ਤਾਂ ਨਸ਼ੇ ਦੇ ਇਸ ਨਾਮੁਰਾਦ ਧੰਦੇ ਵਿਚ ਕੁੜੀਆਂ ਨੇ ਵੀ ਨਾ ਸਿਰਫ਼ ਪੈਰ ਧੱਰ ਲਏ ਹਨ ਸਗੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਦਾ ਵਪਾਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਅਜਿਹੇ ਹੀ ਇਕ ਮਾਮਲੇ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਕਿਸੇ ਖ਼ਬਰੀ ਦੀ ਇਤਲਾਹ ’ਤੇ ਇਕ ਕੁੜੀ ਕੋਲੋਂ 18 ਗ੍ਰਾਮ ਸਮੈਕ, ਇਕ ਛੋਟਾ ਕੰਪਿਊਟਰ ਕੰਡਾ, ਡਰੱਗ ਮਨੀ ਅਤੇ ਹੋਰ ਸਮਾਨ ਬਰਾਮਦ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਖ਼ਿਲਾਫ਼ ਐੱਨਡੀਪੀਐੱਸ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਰਜਨੀ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਏਐੱਸਆਈ ਸ਼ਰਮਾ ਸਿੰਘ ਦੀ ਅਗਵਾਈ ‘ਚ ਬੀਤੀ ਸ਼ਾਮ ਗਸ਼ਤ ਤੇ ਚੈਕਿੰਗ ਦੇ ਸਬੰਧ ‘ਚ ਦੁਸ਼ਹਿਰਾ ਗਰਾਊਂਡ ਬਸਤੀ ਸ਼ੇਖਾਂ ਵਾਲੀ ਸਿਟੀ ਫਿਰੋਜ਼ਪੁਰ ਵਿਖੇ ਮੌਜ਼ੂਦ ਸੀ ਤਾਂ ਦੋਸ਼ੀ ਲੜਕੀ ਨੂੰ ਸ਼ੱਕ ਦੇ ਤੌਰ ‘ਤੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ ਇਸ ਕੋਲੋਂ 18 ਗ੍ਰਾਮ ਸਮੈਕ, ਇਕ ਛੋਟਾ ਕੰਪਿਊਟਰ ਕੰਡਾ, 21 ਕਾਗਜ਼ ਦੀਆਂ ਕੱਟੀਆਂ ਹੋਈਆਂ ਪਰਚੀਆਂ, 1600 ਰੁਪਏ ਦੀ ਡਰੱਗ ਮਨੀ, ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਤੇ 220 ਰੁਪਏ ਦੇ ਭਾਰਤੀ ਕਰੰਸੀ ਨੋਟ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published.