ਈਸਟ ਅਫਰੀਕਾ ਵਿੱਚ ਜਨਮਿਆ ਬੱਚਾ ਹੁਣ ਸਰਕਾਰੀ ਸਕੂਲ ਹਜ਼ਾਰਾ ਵਿੱਚ ਕਰੇਗਾ ਵਿਦਿਆ ਹਾਸਲ
ਜੰਡੂ ਸਿੰਘਾ/ਪਤਾਰਾ : ਹੁਣ ਵਿਦੇਸ਼ ਦੀ ਧਰਤੀ ਤੇ ਜਨਮੇ ਬੱਚੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਕੇ ਵਿਦਿਆ ਹਾਸਲ ਕਰਨ ਵਿੱਚ ਰੁੱਚੀ ਦਿਖਾ ਰਹੇ ਹਨ ਜਿਸਦੀ ਤਾਜ਼ਾ ਮਿਸਾਲ ਪਿੰਡ ਹਜ਼ਾਰਾ ਵਿਖੇ ਬੀਤੇ ਦਿਨੀਂ ਮਿਲੀ ਹੈ। ਈਸਟ ਅਫਰੀਕਾ ਦੇ ਅਰੂਸ਼ਾ ਮੈਰੂ ਪ੍ਰਾਇਮਰੀ ਸਕੂਲ (ਅਰੂਸ਼ਾ ਤੰਨਜਾਨੀਆਂ) ਤੋਂ ਪੰਜਵੀਂ ਪਾਸ ਬੱਚਾ ਪ੍ਰੀਅੰਸ਼ੂ ਕੈਲੇਂ ਪੁੱਤਰ ਬਲਵੀਰ ਰਾਜ ਵਾਸੀ ਪਿੰਡ ਕੰਗਣੀਵਾਲ ਨੇ ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾ ਵਿਖੇ ਵਿਦਿਆ ਹਾਸਲ ਕਰਨ ਲਈ 6ਵੀਂ ਜਮਾਤ ਵਿੱਚ ਦਾਖਲਾ ਲਿਆ ਹੈ।
ਪ੍ਰੀਅੰਸ਼ੂ ਦੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਕਰੀਬ 13 ਸਾਲ ਤੋਂ ਈਸਟ ਅਫਰੀਕਾ ਦੇ ਸ਼ਹਿਰ ਆਰੂਸ਼ਾ ਤਨਜਾਨੀਆਂ ਵਿਖੇ ਰਹਿ ਰਹੇ ਹਨ ਅਤੇ ਪ੍ਰੀਅੰਸੂ ਦੇ ਪਿਤਾ ਬਲਵੀਰ ਰਾਜ ਕਿਸੇ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦੇ ਸਨ। ਉਨ੍ਹਾਂ ਕਿਹਾ ਇਸ ਸ਼ਹਿਰ ਵਿੱਚ ਕੋਰੋਨਾ ਦੇ ਚੱਲਦੇ ਲਾਕ-ਡਾਉਨ ਹੋਣ ਕਾਰਨ ਉਹ ਜਨਵਰੀ 2020 ਵਿੱਚ ਜਲੰਧਰ (ਪੰਜਾਬ) ਦੇ ਆਪਣੇ ਜੱਦੀ ਪਿੰਡ ਕੰਗਣੀਵਾਲ ਵਿਖੇ ਆ ਗਏ। ਉਨ੍ਹਾਂ ਕਿਹਾ ਜਲੰਧਰ ਵਿੱਚ ਪਿਛਲੇ ਸਾਲ ਲੱਗੇ ਲਾਕਡਾਊਨ ਕਾਰਨ ਉਹ ਬੱਚੇ ਟਿਊਸ਼ਨ ਰਾਹੀਂ ਅਤੇ ਖੁੱਦ ਆਪ ਇੰਗਲਿਸ਼ ਦੇ ਨਾਲ-ਨਾਲ ਪੰਜਾਬੀ ਵੀ ਸਿਖਾਉਂਦੇ ਰਹੇ ਅਤੇ ਹੁਣ ਆਪਣੇ ਬੱਚੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕਲ ਵਿੱਖੇ ਦਾਖਲ ਕਰਵਾਇਆ ਹੈ।
ਪ੍ਰੀਅੰਸ਼ੂ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਪੰਜਾਬ ਦੇ ਸਰਕਾਰੀ ਸਕੂਲ ਵੀ ਹੁਣ ਪ੍ਰਾਇਵੇਟ ਸਕੂਲਾਂ ਨਾਲੋਂ ਘੱਟ ਨਹੀਂ ਹਨ, ਸਰਕਾਰੀ ਸਮਾਰਟ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਸਿਖਿਆ ਦੇ ਪੱਥਰ ਉਚਾ ਚੁੱਕਣ ਵਿੱਚ ਕੋਈ ਕਸਰ ਨਹੀਂ ਛੱਡੀ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਵਿਦਿਆ ਦੇਣ ਕਾਰਨ ਹੀ ਉਨ੍ਹਾਂ ਨੇ ਆਪਣੇ ਬੱਚੇ ਨੂੰ ਉਨ੍ਹਾਂ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਹੈ। ਪਿ੍ੰਸੀਪਲ ਕੁਲਦੀਪ ਕੌਰ ਨੇ ਸਕੂਲ ਵਿਖੇ ਦਾਖਲ ਹੋਣ ਸਮੇਂ ਪ੍ਰੀਅੰਸ਼ੂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਪ੍ਰੀਅੰਸ਼ੂ ਨੂੰ 6ਵੀਂ ਕਲਾਸ ਦੇ ਇੰਚਾਰਜ਼ ਮੈਡਮ ਰੈਨੂੰ ਦੀ ਨਿਗਰਾਨੀ ਹੇਠ ਬਾਕੀ ਬੱਚਿਆਂ ਵਾਂਗ ਚੰਗੀ ਵਿਦਿਆ ਪ੍ਰਦਾਨ ਕਰਵਾਈ ਜਾਵੇਗੀ।