ਕੋਵਿਡ-19: ਹੁਣ ਲੌਕਡਾਊਨ ਲਾਉਣ ਦੀ ਲੋੜ ਨਹੀਂ

ਨਵੀਂ ਦਿੱਲੀ, 18 ਅਕਤੂਬਰ

ਸਰਕਾਰ ਵਲੋਂ ਆਈਆਈਟੀ ਹੈਦਰਾਬਾਦ ਦੇ ਪ੍ਰੋਫੈਸਰ ਐੱਮ. ਵਿੱਦਿਆਸਾਗਰ ਦੀ ਅਗਵਾਈ ਹੇਠ ਬਣਾਈ ਕਮੇਟੀ ਅਨੁਸਾਰ ਕੋਵਿਡ-19 ਦਾ ਫੈਲਾਅ ਰੋਕਣ ਲਈ ਜ਼ਿਲ੍ਹਾ ਜਾਂ ਸੂਬਾ ਪੱਧਰ ’ਤੇ ਊਦੋਂ ਤੱਕ ਕੋਈ ਨਵਾਂ ਲੌਕਡਾਊਨ ਲਾਊਣ ਦੀ ਲੋੜ ਨਹੀਂ ਹੈ ਜਦੋਂ ਤੱਕ ਸਿਹਤ ਸੰਭਾਲ ਸੇਵਾਵਾਂ ’ਤੇ ਹੱਦੋਂ ਵੱਧ ਬੋਝ ਪੈਣ ਦਾ ਖ਼ਤਰਾ ਨਾ ਹੋਵੇ। ਕਮੇਟੀ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਸਾਰੇ ਪ੍ਰੋਟੋਕੋਲਜ਼ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਮਹਾਮਾਰੀ ’ਤੇ ਅਗਲੇ ਸਾਲ ਦੇ ਸ਼ੁਰੂ ਤੱਕ ਕਾਬੂ ਪਾਇਆ ਜਾ ਸਕਦਾ ਹੈ ਅਤੇ ਫਰਵਰੀ ਦੇ ਅਖ਼ੀਰ ਤੱਕ ਲਾਗ ਦੇ ਸਰਗਰਮ ਕੇਸ ਬਹੁਤ ਜ਼ਿਆਦਾ ਘਟ ਜਾਣਗੇ।

10 ਮੈਂਬਰੀ ਪੈਨਲ ਵਲੋਂ ‘‘ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੀ ਪ੍ਰਗਤੀ: ਪੇਸ਼ੀਨਗੋਈ ਅਤੇ ਤਾਲਾਬੰਦੀ ਦੇ ਅਸਰ’’ ਨਾਂ ਦਾ ਅਧਿਐਨ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਜੇਕਰ ਤਾਲਾਬੰਦੀ ਨਾ ਕੀਤੀ ਜਾਂਦੀ ਤਾਂ ਮਹਾਮਾਰੀ ਨੇ ਭਾਰਤ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜ ਦੇਣਾ ਸੀ ਅਤੇ ਜੂਨ ਵਿੱਚ ਸਭ ਤੋਂ ਵੱਧ 1.40 ਕਰੋੜ ਕੇਸ ਆਊਣੇ ਸਨ। ਕਮੇਟੀ ਨੇ ਕੋਵਿਡ-19 ਦੀ ਪ੍ਰਗਤੀ ਬਾਰੇ ਸਬੂਤ ਆਧਾਰਿਤ ਗਣਿਤ ਮਾਡਲ ਤਿਆਰ ਕੀਤਾ ਹੈ। ਕੌਮੀ ਪੱਧਰ ਦਾ ਇਹ ‘ਸੁਪਰ ਮਾਡਲ’ ਕਈ ਮਾਪਦੰਡਾਂ ’ਤੇ ਆਧਾਰਿਤ ਹੈ, ਜਿਵੇਂ ਤਾਲਾਬੰਦੀ ਦਾ ਸਮਾਂ, ਤਾਲਾਬੰਦੀ ਦੇ ਬਦਲ ਵਾਲੀ ਸਥਿਤੀ, ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦਾ ਅਸਰ ਅਤੇ ਮਹਾਮਾਰੀ ਦੀ ਭਵਿੱਖੀ ਸਥਿਤੀ, ਜਿਸ ਵਿੱਚ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਕਰਨਾ ਵੀ ਸ਼ਾਮਲ ਹੈ।

ਵਿਦਿਆਸਾਗਰ ਨੇ ਕਿਹਾ, ‘‘ਜੇਕਰ ਅਸੀਂ ਸਾਰੇ ਜਣੇ ਇਸ ਪ੍ਰੋਟੋਕੋਲ ਦੀ ਪਾਲਣਾ ਕਰੀਏ ਤਾਂ ਮਹਾਮਾਰੀ ’ਤੇ ਅਗਲੇ ਸਾਲ ਦੇ ਸ਼ੁਰੂ ਤੱਕ ਕਾਬੂ ਪਾਇਆ ਜਾ ਸਕਦਾ ਹੈ ਅਤੇ ਫਰਵਰੀ ਦੇ ਅਖੀਰ ਤੱਕ ਲਾਗ ਦੇ ਲੱਛਣਾਂ ਵਾਲੇ ਸਰਗਰਮ ਕੇਸ ਬਹੁਤ ਜ਼ਿਆਦਾ ਘੱਟ ਹੋ ਜਾਣਗੇ।  ਸਾਨੂੰ ਅਜੇ ਤੱਕ ਇਸ ਮਹਾਮਾਰੀ ਦੇ ਮੌਸਮ ਆਧਾਰਿਤ ਅਸਰ (ਆਮ ਤੌਰ ’ਤੇ ਠੰਢੇ ਮੌਸਮ ਵਿੱਚ ਵਾਇਰਸ ਵਧੇਰੇ ਸਰਗਰਮ ਹੋ ਜਾਂਦੇ ਹਨ) ਅਤੇ ਭਵਿੱਖ ਵਿੱਚ ਇਸ ਦੀ ਸੰਭਾਵਿਤ ਮਿਊਟੇਸ਼ਨ ਦੇ ਅਸਰਾਂ ਬਾਰੇ ਜਾਣਕਾਰੀ ਨਹੀਂ ਹੈ। ਇਸ ਕਰਕੇ ਮੌਜੂਦਾ ਨਿੱਜੀ ਸੁਰੱਖਿਆ ਪ੍ਰੋਟੋਕਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਲੋੜ ਹੈ। ਅਜਿਹਾ ਨਾ ਕਰਨ ’ਤੇ ਅਸੀਂ ਲਾਗ ਦੇ ਕੇਸਾਂ ਦੀ ਗਿਣਤੀ ਵਿੱਚ ਤਿੱਖਾ ਵਾਧਾ ਦੇਖਾਂਗੇ। ਜ਼ਿਲ੍ਹਾ ਅਤੇ ਸੂਬਾ ਪੱਧਰਾਂ ’ਤੇ ਊਦੋਂ ਤੱਕ ਹੋਰ ਲੌਕਡਾਊਨ ਨਹੀਂ ਲਾਊਣੇ ਚਾਹੀਦੇ ਜਦੋਂ ਤੱਕ ਸਿਹਤ ਸੰਭਾਲ ਸੇਵਾਵਾਂ ’ਤੇ ਹੱਦੋਂ ਵੱਧ ਬੋਝ ਪੈਣ ਦਾ ਖ਼ਤਰਾ ਨਾ ਹੋਵੇ।’’ ਕਮੇਟੀ ਵਿੱਚ ਸ਼ਾਮਲ ਪ੍ਰੋਫੈਸਰਾਂ ਅਤੇ ਵਿਗਿਆਨੀਆਂ ਨੇ ਕਿਹਾ ਕਿ ਤਿਊਹਾਰਾਂ ਅਤੇ ਸਰਦੀਆਂ ਦੇ ਮੌਸਮ ਦੌਰਾਨ ਲਾਗ ਦੇ ਫੈਲਣ ਦਾ ਖ਼ਤਰਾ ਵਧਣ ਦੀ ਸੰਭਾਵਨਾ ਹੈ ਪ੍ਰੰਤੂ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਕੇ ਸਾਰੀਆਂ ਗਤੀਵਿਧੀਆਂ ਨੂੰ ਬਹਾਲ ਕੀਤਾ ਜਾ ਸਕਦਾ ਹੈ। ਊਨ੍ਹਾਂ ਕਿਹਾ ਕਿ ਜਲਦੀ ਅਤੇ ਪੂਰੀ ਤਰ੍ਹਾਂ ਲਾਏ ਲੌਕਡਾਊਨ ਕਾਰਨ ਕੇਸਾਂ ਦਾ ਸਿਖ਼ਰ ਦੂਰ ਭਵਿੱਖ ਤੱਕ ਚਲਾ ਗਿਆ ਅਤੇ ਸਿਹਤ ਪ੍ਰਣਾਲੀ ’ਤੇ ਕੇਸਾਂ ਦਾ ਸਿਖ਼ਰ ਬੋਝ ਵੀ ਘਟ ਗਿਆ।        -ਪੀਟੀਆਈ

ਕਰੋਨਾ: ਸਿਹਤਯਾਬੀ ਦਰ 88 ਫ਼ੀਸਦੀ ਤੋਂ ਪਾਰ

ਨਵੀਂ ਦਿੱਲੀ:ਦੇਸ਼ ਵਿੱਚ ਕਰੋਨਾ ਲਾਗ ਦੇ ਸਰਗਰਮ ਕੇਸਾਂ ਦੀ ਗਿਣਤੀ ਅੱਜ ਲਗਾਤਾਰ ਦੂਜੇ ਦਿਨ 8 ਲੱਖ ਤੋਂ ਹੇਠਾਂ ਰਹੀ ਹੈ। ਇਸੇ ਦੌਰਾਨ ਹੁਣ ਤੱਕ ਲੱਗਪਗ 66 ਲੱਖ ਮਰੀਜ਼ ਠੀਕ ਹੋਣ ਸਦਕਾ ਕੌਮੀ ਸਿਹਤਯਾਬੀ ਦਰ 88.03 ਫ਼ੀਸਦੀ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ 7,83,311 ਸਰਗਰਮ ਕੇਸ ਹਨ, ਜੋ ਕੁੱਲ ਕੇਸਾਂ ਦਾ 10.45 ਫ਼ੀਸਦੀ ਬਣਦੇ ਹਨ। ਹੁਣ ਤੱਕ 65,97,209 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 61,871 ਨਵੇਂ ਕੇਸ ਆਉਣ ਨਾਲ ਕੇਸਾਂ ਦਾ ਕੁੱਲ ਅੰਕੜਾ 74,94,551 ਹੋ ਗਿਆ ਜਦਕਿ 1,033 ਸੱਜਰੀਆਂ ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ 1,14,031 ਤੱਕ ਪਹੁੰਚ ਗਈ ਹੈ। ਇਸੇ ਸਮੇਂ ਦੌਰਾਨ 72,614 ਮਰੀਜ਼ਾਂ ਨੇ ਇਸ ਲਾਗ ’ਤੇ ਜਿੱਤ ਹਾਸਲ ਕੀਤੀ ਹੈ ਜਿਸ ਨਾਲ ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 65,97,209 ਹੋ ਗਿਆ ਹੈ। ਦੁਨੀਆ ਭਰ ’ਚ ਸਭ ਤੋਂ ਵੱਧ ਮਰੀਜ਼ ਠੀਕ ਹੋਣ ਦੇ ਮਾਮਲੇ ਭਾਰਤ ਪਹਿਲੇ ਅਤੇ ਮੌਤਾਂ ਦੇ ਮਾਮਲੇ ’ਚ ਅਮਰੀਕਾ ਤੇ ਬਰਾਜ਼ੀਲ ਤੋਂ ਬਾਅਦ ਤੀਜੇ ਸਥਾਨ ’ਤੇ ਹੈ। -ਪੀਟੀਆਈ

ਓਨਮ ਦੌਰਾਨ ਵਰਤੀ ਲਾਪ੍ਰਵਾਹੀ ਦੀ ਕੀਮਤ ਚੁਕਾ ਰਿਹਾ ਹੈ ਕੇਰਲਾ: ਵਰਧਨ

ਨਵੀਂ ਦਿੱਲੀ:ਕੇਰਲਾ ਵਿੱਚ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਬਾਰੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਇਹ ਸੂਬਾ ਓਨਮ ਤਿਊਹਾਰ ਦੇ ਜਸ਼ਨਾਂ ਦੌਰਾਨ ਵਰਤੀ ‘ਲਾਪ੍ਰਵਾਹੀ ਦੀ ਕੀਮਤ’ ਚੁਕਾ ਰਿਹਾ ਹੈ। ਓਨਮ ਦੌਰਾਨ ਵਪਾਰ ਅਤੇ ਸੈਰ-ਸਪਾਟਾ ਸਬੰਧੀ ਸੇਵਾਵਾਂ ਵਿੱਚ ਵਾਧਾ ਹੋਣ ਨਾਲ ਕੋਵਿਡ-19 ਦਾ ਫੈਲਾਅ ਵੀ ਵਧ ਗਿਆ। ਮੰਤਰੀ ਨੇ ਕਿਹਾ ਕਿ ਇਹ ਸਾਰੀਆਂ ਸੂਬਾ ਸਰਕਾਰਾਂ ਲਈ ਚੰਗਾ ਸਬਕ ਹੋਣਾ ਚਾਹੀਦਾ ਹੈ ਕਿ ਤਿਊਹਾਰਾਂ ਦੇ ਸੀਜ਼ਨ ਵਿੱਚ ਵਰਤੀ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ। ਇਸ ਲਈ ਯੋਜਨਾਬੰਦੀ ਕਰਨੀ ਅਤੇ ਇਹਤਿਆਤ ਵਰਤਣੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ਕੇਰਲਾ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 3.3 ਲੱਖ ਨੂੰ ਪਾਰ ਕਰ ਗਈ ਹੈ ਅਤੇ ਸ਼ਨਿੱਚਰਵਾਰ ਨੂੰ 1,139 ਨਵੇਂ ਕੇਸ ਆੲੇ। ਓਨਮ (22 ਅਗਸਤ) ਤੋਂ ਪਹਿਲਾਂ ਸੂਬੇ ਵਿੱਚ 54 ਹਜ਼ਾਰ ਕੇਸ ਸਨ। -ਪੀਟੀਆਈ

ਠੰਢ ’ਚ ਕਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ 

ਨਵੀਂ ਦਿੱਲੀ:ਨੀਤੀ ਆਯੋਗ ਦੇ ਮੈਂਬਰ ਵੀ.ਕੇ. ਪੌਲ ਨੇ ਅੱਜ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਕਰੋਨਾਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਹੇਠਾਂ ਆਈ ਹੈ ਅਤੇ ਜ਼ਿਆਦਾਤਰ ਸੂਬਿਆਂ ਵਿੱਚ ਮਹਾਮਾਰੀ ਦਾ ਫੈਲਾਅ ਸਥਿਰ ਹੋਇਆ ਹੈ ਪ੍ਰੰਤੂ ਸਰਦੀ ਦੇ ਮੌਸਮ ਵਿੱਚ ਲਾਗ ਦੀ ਦੂਜੀ ਲਹਿਰ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਦੇਸ਼ ਵਿੱਚ ਮਹਾਮਾਰੀ ਨਾਲ ਸਿੱਝਣ ਲਈ ਬਣਾਏ ਮਾਹਿਰ ਪੈਨਲ ਦੇ ਮੁਖੀ ਪੌਲ ਨੇ ਕਿਹਾ ਕਿ ਇੱਕ ਵਾਰ ਕੋਵਿਡ-19 ਦਾ ਟੀਕਾ ਊਪਲੱਬਧ ਹੋ ਜਾਵੇ, ਤਾਂ ਇਸ ਨੂੰ ਨਾਗਰਿਕਾਂ ਤੱਕ ਪਹੁੰਚਾਊਣ ਲਈ ਬਹੁਤ ਸਾਧਨ ਹਨ ਅਤੇ ਊਸ ਸਥਿਤੀ ਵਿੱਚ ਸਾਧਨਾਂ ਦੀ ਵਧੇਰੇ ਚਿੰਤਾ ਨਹੀਂ ਹੋਵੇਗੀ। -ਪੀਟੀਆਈ

ਪੰਜਾਬ ’ਚ ਕਰੋਨਾ ਨੇ ਲਈਆਂ 13 ਹੋਰ ਜਾਨਾਂ

ਚੰਡੀਗੜ੍ਹ :ਪੰਜਾਬ ’ਚ ਕਰੋਨਾਵਾਇਰਸ ਕਰਕੇ ਬੀਤੇ 24 ਘੰਟਿਆਂ ਵਿੱਚ 13 ਹੋਰ ਮੌਤਾਂ ਨਾਲ ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 4012 ਤੱਕ ਪਹੁੰਚ ਗਿਆ ਹੈ। ਉਂਜ ਖੁ਼ਸ਼ਖ਼ਬਰ ਹੈ ਕਿ ਅੱਜ ਕਰੋਨਾਵਾਇਰਸ ਦੇ ਨਵੇਂ ਪਾਜ਼ੇਟਿਵ ਕੇਸਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਦੁੱਗਣੇ ਦੇ ਕਰੀਬ ਰਹੀ ਹੈ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ’ਚ ਕਰੋਨਾ ਦੇ 476 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 958 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਸੂਬੇ ’ਚ ਹੁਣ ਤੱਕ 23,21,084 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 1,27,630 ਪਾਜ਼ੇਟਿਵ ਪਾਏ ਗਏ ਹਨ। ਇਸ ਦੌਰਾਨ 1,17,883 ਜਣਿਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 5735 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 23 ਦਾ ਵੈਂਟੀਲੇਟਰ ਅਤੇ 145 ਦਾ ਆਕਸੀਜਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ।

ਸਿਹਤ ਵਿਭਾਗ ਅਨੁਸਾਰ ਬੀਤੇ ਇਕ ਦਿਨ ’ਚ ਸਭ ਤੋਂ ਵੱਧ 3 ਮੌਤਾਂ ਮੁਹਾਲੀ ’ਚ ਹੋਈਆਂ ਹਨ। ਇਸੇ ਤਰ੍ਹਾਂ ਜਲੰਧਰ, ਪਟਿਆਲਾ ਅਤੇ ਰੋਪੜ ’ਚ 2-2, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਲੁਧਿਆਣਾ ’ਚ ਇਕ-ਇਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਪਿਛਲੇ ਇਕ ਦਿਨ ’ਚ 476 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਵਿੱਚੋਂ ਲੁਧਿਆਣਾ ’ਚ 67, ਹੁਸ਼ਿਆਰਪੁਰ ’ਚ 64, ਜਲੰਧਰ ’ਚ 54, ਪਟਿਆਲਾ ’ਚ 52, ਬਠਿੰਡਾ ’ਚ 47, ਮੁਹਾਲੀ ’ਚ 41, ਅੰਮ੍ਰਿਤਸਰ ’ਚ 31, ਗੁਰਦਾਸਪੁਰ ’ਚ 28, ਕਪੂਰਥਲਾ ’ਚ 19, ਸੰਗਰੂਰ ’ਚ 16, ਮੁਕਤਸਰ ’ਚ 12, ਪਠਾਨਕੋਟ ’ਚ 9, ਫਾਜ਼ਿਲਕਾ ਅਤੇ ਮਾਨਸਾ ’ਚ 6-6, ਫਰੀਦਕੋਟ, ਨਵਾਂ ਸ਼ਹਿਰ ਅਤੇ ਤਰਨਤਾਰਨ ’ਚ 5-5, ਰੋਪੜ ’ਚ 3, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ ’ਚ 2-2 ਅਤੇ ਮੋਗਾ ਤੇ ਬਰਨਾਲਾ ’ਚ 1-1 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ।

ਪੰਜਾਬ ’ਚ ਅੱਜ ਤੋਂ ਖੁੱਲ੍ਹਣਗੇ ਸਕੂਲ

ਪਟਿਆਲਾ :ਕਰੋਨਾਵਾਇਰਸ ਦੇ ਮੱਦੇਨਜ਼ਰ ਮਾਰਚ ਮਹੀਨੇ ਤੋਂ ਬੰਦ ਪਏ ਸਕੂਲ ਪੰਜਾਬ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਲਈ ਭਲਕੇ 19 ਅਕਤੂਬਰ ਨੂੰ ਖੁੱਲ੍ਹਣ ਜਾ ਰਹੇ ਹਨ। ਸੋਮਵਾਰ ਤੋਂ ਸਕੂਲ ਖੁੱਲ੍ਹਣ ਦੇ ਮੱਦੇਨਜ਼ਰ ਕੋਵਿਡ-19 ਤੋਂ ਬਚਾਅ ਸਬੰਧੀ ਸਕੂਲ ਪ੍ਰਬੰਧਕਾਂ ਵੱਲੋਂ ਸਫ਼ਾਈ, ਇਮਾਰਤ ਤੇ ਫਰਨੀਚਰ ਨੂੰ ਵਿਸ਼ਾਣੂ ਰਹਿਤ ਕਰਨ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਣ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

Leave a Reply

Your email address will not be published. Required fields are marked *