ਮਹਿਮੂਦ ਜਮਾਲ ਕੈਨੇਡਾ ਸੁਪਰੀਮ ਕੋਰਟ ਦੇ ਪਹਿਲੇ ਗ਼ੈਰ-ਸ਼ਵੇਤ ਜੱਜ ਬਣੇ

ਵੈਨਕੂਵਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਹਿਮੂਦ ਜਮਾਲ ਨੂੰ ‘ਸੁਪਰੀਮ ਕੋਰਟ ਆਫ਼ ਕੈਨੇਡਾ’ ਦਾ ਜੱਜ ਨਿਯੁਕਤ ਕੀਤਾ ਹੈ। ਉਹ ਦੇਸ਼ ਦੀ ਸਰਬਉੱਚ ਅਦਾਲਤ ਦੇ ਜੱਜ ਬਣਨ ਵਾਲੇ ਪਹਿਲੇ ਗ਼ੈਰ-ਗੋਰੇ ਜੱਜ ਹੋਣਗੇ। ਭਾਰਤ ਤੋਂ ਨੈਰੋਬੀ (ਕੀਨੀਆ) ਪ੍ਰਵਾਸ ਕਰਨ ਵਾਲੇ ਮਾਪਿਆਂ ਦੇ ਘਰ 1967 ਵਿਚ ਪੈਦਾ ਹੋਏ ਜਸਟਿਸ ਜਮਾਲ ਅਜੇ ਦੋ ਸਾਲ ਦੇ ਸਨ, ਜਦ ਉਨ੍ਹਾਂ ਦੇ ਮਾਪੇ ਇੰਗਲੈਂਡ ਵਸ ਗਏ। ਮਹਿਮੂਦ ਜਮਾਲ ਦੇ ਮਾਪੇ ਗੁਜਰਾਤ ਤੋਂ ਪ੍ਰਵਾਸ ਕਰ ਕੇ ਆਏ ਸਨ। ਉਹ ਮੌਜੂਦਾ ਜੱਜ ਰੋਜੀਲੀ ਅਬੈਲਾ ਦੀ ਥਾਂ ਲੈਣਗੇ ਜੋ ਬਹੁਤ ਸਾਲਾਂ ਤੋਂ ਜੱਜ ਵਜੋਂ ਸੇਵਾ ਨਿਭਾਉਂਦੇ ਹੋਏ 1 ਜੁਲਾਈ ਨੂੰ 75ਵੇਂ ਜਨਮ ਦਿਨ ਮੌਕੇ ਸੇਵਾਮੁਕਤ ਹੋ ਰਹੀ ਹੈ। ਜਸਟਿਸ ਜਮਾਲ ਨੇ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਬੇਸ਼ੱਕ ਉਹ ਸਰਦੇ-ਪੁੱਜਦੇ ਪਰਿਵਾਰ ਵਿਚੋਂ ਸੀ, ਪਰ ਇੰਗਲੈਂਡ ਵਿਚ ਸਕੂਲ ਦੇ ਦਿਨਾਂ ਦੌਰਾਨ ਉਨ੍ਹਾਂ ਦੋਹਰੇ ਕਿਰਦਾਰ ਨਿਭਾਏ। ਸਕੂਲ ਵਿਚ ਉਹ ਈਸਾਈ ਧਰਮ ਅਨੁਸਾਰ ਸਾਰਾ ਕੁੱਝ ਕਰਦੇ ਰਹੇ ਤੇ ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਵਿਚਰਦੇ ਤੇ ਪ੍ਰਾਰਥਨਾ ਕਰਦੇ ਰਹੇ। ਪਰ ਘਰ ਆ ਕੇ ਉਨ੍ਹਾਂ ਨੂੰ ਸਾਰਾ ਕੁਝ ਮੁਸਲਿਮ ਪ੍ਰੰਪਰਾਵਾਂ ਤੇ ਸਿੱਖਿਆਵਾਂ ਅਨੁਸਾਰ ਕਰਨਾ ਪੈਂਦਾ। ਜਮਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਾਂ ਕਾਰਨ ਹਾਣੀਆਂ ਤੋਂ ਬੇਇੱਜ਼ਤ ਵੀ ਹੋਣਾ ਪਿਆ ਪਰ ਬਚਪਨ ਤੇ ਜਵਾਨੀ ਵਾਲੇ ਦਿਨਾਂ ਵਿਚ ਵੀ ਕਿਸੇ ’ਤੇ ਗੁੱਸਾ ਕਰਨ ਦੀ ਥਾਂ ਉਹ ਸਾਰਾ ਕੁਝ ਸੁਣ ਕੇ ਉਸ ਨੂੰ ਬਰਦਾਸ਼ਤ ਕਰਦੇ ਰਹੇ। 1981 ਵਿਚ ਪਰਿਵਾਰ ਕੈਨੇਡਾ ਆ ਗਿਆ ਤੇ ਐਡਮਿੰਟਨ ਵਿਚ ਉਨ੍ਹਾਂ ਨੂੰ ਸਥਾਪਤੀ ਤੋਂ ਪਹਿਲਾਂ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ੀ ਤੇ ਫਰੈਂਚ ਭਾਸ਼ਾ ’ਤੇ ਤਕੜੀ ਪਕੜ ਵਾਲੇ ਜਮਾਲ ਨੇ ਟੋਰਾਂਟੋ ਤੇ ਮੌਂਟਰੀਅਲ ਤੋਂ ਉਚੇਰੀ ਤੇ ਕਾਨੂੰਨ ਦੀ ਪੜ੍ਹਾਈ ਪੂਰੀ ਕਰਕੇ ਕਰੀਬ 23 ਸਾਲ ਵਕਾਲਤ ਕੀਤੀ ਤੇ ਕਈ ਉੱਘੇ ਕੇਸਾਂ ਦੇ ਨਿਬੇੜੇ ਸੁਪਰੀਮ ਕੋਰਟ ਵਿਚ ਕਰਵਾਏ। ਦੋ ਕੁ ਸਾਲ ਪਹਿਲਾਂ ਉਹ ਸੂਬਾਈ ਅਦਾਲਤ ਦੇ ਜੱਜ ਬਣਾਏ ਗਏ। ਜੱਜ ਵਾਲੀ ਕੁਰਸੀ ’ਤੇ ਬੈਠਣ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਕਮੇਟੀਆਂ ਨਾਲ ਸਵਾਲ-ਜਵਾਬ ਕਰਨੇ ਪੈਣਗੇ।

Leave a Reply

Your email address will not be published. Required fields are marked *