ਅਮਰੀਕਾ ਨਾਲ ਸੰਵਾਦ ਤੇ ਟਕਰਾਅ ਲਈ ਤਿਆਰ ਰਹੇ ਉਤਰੀ ਕੋਰੀਆ: ਕਿਮ
ਸਿਓਲ: ਉਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਆਪਣੀ ਸਰਕਾਰ ਨੂੰ ਅਮਰੀਕਾ ਵਿੱਚ ਜੋਅ ਬਾਇਡਨ ਪ੍ਰਸ਼ਾਸਨ ਨਾਲ ਸੰਵਾਦ ਅਤੇ ਟਕਰਾਅ ਦੋਵਾਂ ਹੀ ਹਾਲਤਾਂ ਲਈ ਤਿਆਰ ਰਹਿਣ ਨੂੰ ਕਿਹਾ ਹੈ। ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਖ਼ਬਰ ਦਿੱਤੀ। ਕੁੱਝ ਦਿਨ ਪਹਿਲਾਂ ਹੀ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਉਤਰ ਕੋਰੀਆ ਨੂੰ ਆਪਣਾ ਪ੍ਰਮਾਣੂ ਪ੍ਰੋਗਰਾਮ ਛੱਡ ਕੇ ਗੱਲਬਾਤ ਦਾ ਰਾਹ ਅਪਣਾਉਣ ਦੀ ਅਪੀਲ ਕੀਤੀ ਸੀ। ਕੁੱਝ ਮਾਹਿਰਾਂ ਨੇ ਕਿਹਾ ਕਿ ਕਿਮ ਦੇ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਉਹ ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖ਼ੀਰੇ ਨੂੰ ਮਜ਼ਬੂਤੀ ਨਾਲ ਵਧਾਉਣਾ ਚਾਹੁੰਦੇ ਹਨ ਅਤੇ ਅਮਰੀਕਾ ’ਤੇ ਉਸ ਦੀਆਂ ਨੀਤੀਆਂ ਨੂੰ ਛੱਡਣ ਦਾ ਦਬਾਅ ਬਣਾਉਣਾ ਚਾਹੁੰਦੇ ਹਨ, ਜਿਸ ਨੂੰ ਉਤਰ ਕੋਰੀਆ ਵੈਰ ਵਾਲੀ ਨੀਤੀ ਦੱਸਦਾ ਹੈ। ਹਾਲਾਂਕਿ ਕਿਮ ਮੁੜ ਗੱਲਬਾਤ ਤੋਰਨ ਲਈ ਵੀ ਤਿਆਰ ਹੈ। ਦੇਸ਼ ਵਿੱਚ ਚੱਲ ਰਹੀ ਸੱਤਾਧਾਾਰੀ ਪਾਰਟੀ ਦੀ ਮੀਟਿੰਗ ਵਿੱਚ ਵੀਰਵਾਰ ਨੂੰ ਕਿਮ ਨੇ ਜੋਅ ਬਾਇਡਨ ਦੀ ਅਗਵਾਈ ਵਿੱਚ ਅਮਰੀਕੀ ਨੀਤੀਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ। ਕਿਮ ਨੇ ਇਸ ਦੌਰਾਨ ਗੱਲਬਾਤ ਅਤੇ ਟਕਰਾਅ, ਦੋਵਾਂ ਹੀ ਹਾਲਤਾਂ ਲਈ ਤਿਆਰ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਖ਼ਾਸ ਕਰ ਕੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਅਤੇ ਆਤਮਨਿਰਭਰ ਵਿਕਾਸ ਦੇ ਹਿੱਤਾਂ ਅਤੇ ਦੇਸ਼ ਦੀ ਸੁਰੱਖਿਆ ਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਟਕਰਾਅ ਦੀ ਸਥਿਤੀ ਲਈ ਤਿਆਰ ਰਹਿਣ ਦਾ ਆਦੇਸ਼ ਦਿੱਤਾ।