ਪਟਿਆਲਾ ਦੇ ਪਿੰਡ ਦੋਦੜਾ ’ਚ ਗੋਬਰ ਗੈਸ ਪਲਾਂਟ ’ਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ

ਪਟਿਆਲਾ: ਪਟਿਆਲਾ ਜ਼ਿਲ੍ਹੇ ਦੀ ਪੁਲੀਸ ਚੌਕੀ ਮਵੀ ਦੇ ਅਧੀਨ ਪਿੰਡ ਦੋਦੜਾ ਵਿਖੇ ਅੱਜ ਤੜਕੇ ਗੋਬਰ ਗੈਸ ਪਲਾਂਟ ਵਿੱਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦਰਸ਼ਨ ਸਿੰਘ ਦੇ ਘਰ ਗੋਬਰ ਗੈਸ ਪਲਾਂਟ ਵਿੱਚ ਕੋਈ ਤਕਨੀਕੀ ਨੁਕਸ ਪੈਣ ਕਾਰਨ ਜਦੋਂ ਉਹ ਉਸ ਦੀ ਜਾਂਚ ਕਰ ਰਿਹਾ ਸੀ ਤਾਂ ਗੁਆਂਢੀ ਗੁਰਧਿਆਨ ਸਿੰਘ ਵੀ ਉਥੇ ਆ ਗਿਆ। ਉਸ ਦਾ ਪੈਰ ਫਿਸਲ ਗਿਆ ਅਤੇ ਉਹ ਉਸ ਵਿੱਚ ਜਾ ਡਿੱਗਿਆ। ਉਸ ਨੂੰ ਬਚਾਉਣ ਜਦੋਂ ਦਰਸ਼ਨ ਸਿੰਘ ਨੇ ਉਪਰਾਲਾ ਕੀਤਾ ਤਾਂ ਉਹ ਵੀ ਉਸ ਦੇ ਵਿੱਚ ਜਾ ਡਿੱਗਿਆ ਦੋਵਾਂ ਨੂੰ ਗੈਸ ਚੜ੍ਹ ਗਈ ਤੇ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਸ਼ਾਂ ਬਾਹਰ ਕਢਵਾਈਆਂ। ਥਾਣਾ ਸਦਰ ਸਮਾਣਾ ਦੇ ਐੱਸਐੱਚਓ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਦਾ ਸਿਵਲ ਹਸਪਤਾਲ ਸਮਾਣਾ ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਘਟਨਾ ਨਾਲ ਦੋਦੜਾ ਪਿੰਡ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਵੀ ਸੋਗ ਹੈ। ਸਮਾਣਾ ਦੇ ਕਾਂਗਰਸੀ ਵਿਧਾਇਕ ਕਾਕਾ ਰਾਜਿੰਦਰ ਸਿੰਘ, ਸਾਬਕਾ ਵਿਧਾਇਕ ਸੁਰਜੀਤ ਸਿੰਘ ਰੱਖੜਾ, ਆਪ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਤੇ ਆਪ ਆਗੂ ਸੁਮੇਲ ਸਿੰਘ ਸੀਰਾ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

Leave a Reply

Your email address will not be published.