ਅਕਾਲੀ-ਬਸਪਾ ਗੱਠਜੋੜ ਦੇ ਬਾਅਦ ਸਿੱਖ ਬੁੱਧੀਜੀਵੀਆਂ ਵੱਲੋਂ ਭਾਜਪਾ ਵੱਲ ਦੌੜ ਦਾ ਕ੍ਰਿਸ਼ਮਾ

ਪਿਛਲੇ ਹਫਤੇ ਦੀ ਪੰਜਾਬ ਦੀ ਸਭ ਤੋਂ ਵੱਡੀ ਰਾਜਨੀਤਕ ਘਟਨਾ ਸੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅਗਲੀਆਂ ਵਿਧਾਨ ਸਭਾ ਚੋਣਾਂ ਵਾਸਤੇ ਗੱਠਜੋੜ ਬਣ ਜਾਣਾ। ਇਸ ਨਾਲ ਇਹ ਦੋਵੇਂ ਪਾਰਟੀਆਂ ਪੰਝੀ ਸਾਲ ਦੇ ਬਾਅਦ ਇੱਕ ਵਾਰ ਫਿਰ ਸਾਂਝ ਪਾ ਕੇ ਲੋਕਾਂ ਸਾਹਮਣੇ ਜਾਣ ਨੂੰ ਤਿਆਰ ਹਨ। ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਪਿੱਛੋਂ ਜਦੋਂ ਮੁੱਖ ਮੰਤਰੀ ਹਰਚਰਨ ਸਿੰਘ ਦਾ ਰਾਜ ਸੀ ਅਤੇ ਕਾਂਗਰਸ ਪਾਰਟੀ ਵਿੱਚ ਹਰਚਰਨ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦੇ ਧੜੇ ਕੁਰਸੀ-ਯੁੱਧ ਵਿੱਚ ਉਲਝੇ ਹੋਏ ਸਨ ਤਾਂ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਗੱਠਜੋੜ ਸਿਰਜ ਕੇ ਪਾਰਲੀਮੈਂਟ ਚੋਣਾਂ ਲੜੀਆਂ ਸਨ। ਉਨ੍ਹਾਂ ਨੂੰ ਇਸ ਦਾ ਏਨਾ ਲਾਭ ਹੋਇਆ ਸੀ ਕਿ ਪੰਜਾਬ ਵਿੱਚ ਤੇਰਾਂ ਸੀਟਾਂ ਵਿੱਚੋਂ ਗਿਆਰਾਂ ਸੀਟਾਂ ਇਸ ਗੱਠਜੋੜ ਨੇ ਜਿੱਤ ਲਈਆਂ ਸਨ। ਬਹੁਜਨ ਸਮਾਜ ਪਾਰਟੀ ਬਣਾਉਣ ਵਾਲਾ ਬਾਬੂ ਕਾਂਸ਼ੀ ਰਾਮ ਵੀ ਉਸ ਵੇਲੇ ਹੁਸਿ਼ਆਰਪੁਰ ਦੀ ਜਨਰਲ ਸੀਟ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚਿਆ ਅਤੇ ਸੁਖਬੀਰ ਸਿੰਘ ਬਾਦਲ ਵੀ ਪਹਿਲੀ ਵਾਰ ਪਾਰਲੀਮੈਂਟ ਦੀ ਸਰਦਲ ਟੱਪਿਆ ਸੀ। ਇਸ ਕਾਮਯਾਬ ਗੱਠਜੋੜ ਨੂੰ ਬਹੁਜਨ ਸਮਾਜ ਪਾਰਟੀ ਨੇ ਨਹੀਂ ਸੀ ਤੋੜਿਆ, ਅਕਾਲੀ ਦਲ ਤੇ ਖਾਸ ਕਰ ਕੇ ਪ੍ਰਕਾਸ਼ ਸਿੰਘ ਬਾਦਲ ਨੇ ਤੋੜਿਆ ਤੇ ਭਾਜਪਾ ਨਾਲ ਸਾਂਝ ਪਾ ਲਈ ਸੀ। ਉਹ ਗੱਠਜੋੜ ਚੌਵੀ ਸਾਲ ਚੱਲਿਆ ਅਤੇ ਪਿਛਲੇ ਸਾਲ ਕਿਸਾਨ ਸੰਘਰਸ਼ ਦੇ ਜਨਤਕ ਦਬਾਅ ਦੇ ਕਾਰਨ ਅਕਾਲੀ ਆਗੂਆਂ ਨੂੰ ਭਾਜਪਾ ਦਾ ਪੱਲਾ ਛੱਡ ਕੇ ਦੂਰੀ ਪਾਉਣੀ ਪੈ ਗਈ ਸੀ। ਉਸ ਹਾਲਤ ਵਿੱਚ ਉਨ੍ਹਾਂ ਨੇ ਫਿਰ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ ਹੈ।
ਇਸ ਗੱਠਜੋੜ ਵਿੱਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਸਿਰਫ ਵੀਹ ਸੀਟਾਂ ਛੱਡੀਆਂ ਹਨ, ਪਹਿਲਾਂ ਉਹ ਭਾਜਪਾ ਨੂੰ ਤੇਈ ਸੀਟਾਂ ਦੇਂਦੇ ਰਹੇ ਸਨ। ਭਾਜਪਾ ਨਾਲ ਜਿਵੇਂ ਇੱਕ ਵਾਰੀ ਤੇਈ ਸੀਟਾਂ ਛੱਡਣ ਦੀ ਸਾਂਝ ਪੈ ਗਈ ਤੇ ਫਿਰ ਚੌਵੀ ਸਾਲ ਉਨ੍ਹਾਂ ਦਾ ਵਿਧਾਨ ਸਭਾ ਵਿੱਚ ਉਹੀ ਤੇਈ ਸੀਟਾਂ ਦਾ ਕੋਟਾ ਰਿਹਾ ਸੀ, ਸਮਝਿਆ ਜਾਂਦਾ ਹੈ ਕਿ ਬਹੁਜਨ ਸਮਾਜ ਪਾਰਟੀ ਨੂੰ ਵੀ ਜਿਹੜੀਆਂ ਵੀਹ ਸੀਟਾਂ ਇੱਕ ਵਾਰ ਦੇ ਦਿੱਤੀਆਂ ਹਨ, ਜਦੋਂ ਤੱਕ ਇਹ ਸਾਂਝ ਕਾਇਮ ਰਹੇਗੀ, ਉਨ੍ਹਾਂ ਲਈ ਇਨ੍ਹਾਂ ਵੀਹ ਸੀਟਾਂ ਉੱਤੇ ਗੱਲ ਟਿਕੀ ਰਹੇਗੀ। ਬਹੁਜਨ ਸਮਾਜ ਪਾਰਟੀ ਨੂੰ ਇਸ ਦਾ ਭੋਰਾ ਇਤਰਾਜ਼ ਨਹੀਂ। ਉਨ੍ਹਾਂ ਦੀ ਕਦੀ ਇਸ ਰਾਜ ਵਿੱਚ ਚੋਖੀ ਚੜ੍ਹਤ ਹੋਈ ਤੇ ਫਿਰ ਉਹ ਡਿੱਗ ਪਏ ਸਨ। ਪਿਛਲੀਆਂ ਚਾਰ ਵਾਰੀਆਂ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇੱਕ ਸੀਟ ਵੀ ਉਹ ਨਹੀਂ ਜਿੱਤ ਸਕੇ। ਸ਼ਰੀਕਾਂ ਲਈ ਨਾ-ਵਲਦ ਢੇਰੀ ਛੱਡਣ ਨਾਲੋਂ ਗੱਠਜੋੜ ਦੇ ਆਸਰੇ ਜਿੰਨੀਆਂ ਵੀ ਸੀਟਾਂ ਜਿੱਤਣ ਸਕਣ, ਉਨ੍ਹਾਂ ਲਈ ਚੰਗੀਆਂ ਹੋਣਗੀਆਂ। ਡਰ ਇੱਕੋ ਹੈ ਕਿ ਬਾਦਲ ਦੀ ਭਾਜਪਾ ਨਾਲ ਨੇੜਤਾ ਲਈ ਵੱਡੇ ਜਵਾਨੀ ਵੇਲੇ ਤੋਂ ਤੁਰੀ ਆਈ ਇੱਛਾ ਕਿਤੇ ਫਿਰ ਅਕਾਲੀ ਦਲ ਨੂੰ ਅਚਾਨਕ ਲਗਾਮ ਖਿੱਚ ਕੇ ਬਸਪਾ ਨੂੰ ਭੁਆਂਟਣੀ ਦੇਣ ਅਤੇ ਨਰਿੰਦਰ ਮੋਦੀ ਦੀ ਸਾਂਝ ਵਿੱਚੋਂ ਕੇਂਦਰ ਸਰਕਾਰ ਦੀ ਵਜ਼ੀਰੀ ਲੈਣ ਦੇ ਰਾਹ ਨਾ ਪਾ ਦੇਂਦੀ ਹੋਵੇ।
ਜਿੱਦਾਂ ਇਸ ਹਫਤੇ ਦੀ ਸਭ ਤੋਂ ਵੱਡੀ ਘਟਨਾ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਾਂਝ ਪੈਣਾ ਸੀ, ਇਸ ਤੋਂ ਉਲਟ ਇੱਕ ਹੋਰ ਅਹਿਮ ਘਟਨਾ ਇਹ ਹੋਈ ਕਿ ਪੰਜਾਬ ਦੇ ਕੁਝ ਪ੍ਰਮੁੱਖ ਸਿੱਖ ਬੁੱਧੀਜੀਵੀ ਉਚੇਚਾ ਚੱਲ ਕੇ ਨਰਿੰਦਰ ਮੋਦੀ ਦੀ ਪਾਰਟੀ ਦੇ ਕੇਂਦਰੀ ਦਫਤਰ ਪਹੁੰਚੇ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਵਿੱਚ ਉਹ ਲੋਕ ਵੀ ਸਨ, ਜਿਹੜੇ ਇੱਕ ਜਾਂ ਦੂਸਰੇ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦੇ ਪ੍ਰਧਾਨ ਬਣ ਕੇ ਸਿੱਖੀ ਨੂੰ ਬ੍ਰਾਹਮਣਵਾਦ ਦੇ ਖਤਰੇ ਬਾਰੇ ਲੋਕਾਂ ਨੂੰ ਜਾਗਰਤ ਹੋਣ ਦੇ ਸੱਦੇ ਦੇਂਦੇ ਅਤੇ ਇਸ ਖਤਰੇ ਨਾਲ ਸਿੱਝਣ ਦੀਆਂ ਟਾਹਰਾਂ ਮਾਰਦੇ ਰਹੇ ਸਨ। ਉਹ ਜਦੋਂ ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਨਵੀਂਆਂ ਰਾਜਸੀ ਐਨਕਾਂ ਲਾਉਣ ਪਿੱਛੋਂ ਉਨ੍ਹਾਂ ਨੂੰ ਭਾਜਪਾ ਏਨੀ ਵਧੀਆ ਤੇ ਭਾਰਤ ਦੇ ਲੋਕਾਂ ਦੀ ਹਿਤੈਸ਼ੀ ਜਾਪਣ ਲੱਗ ਪਈ ਹੈ ਕਿ ਉਹ ਸਿਫਤਾਂ ਕਰਨੋਂ ਹੀ ਨਹੀਂ ਹਟਦੇ। ਭਾਜਪਾ ਦਾ ਦਾਅਵਾ ਹੈ ਕਿ ਅਗਲੀ ਵਾਰੀ ਪੰਜਾਬ ਦੀਆਂ ਸਾਰੀਆਂ ਇੱਕ ਸੌ ਸਤਾਰਾਂ ਵਿਧਾਨ ਸਭਾ ਸੀਟਾਂ ਇਕੱਲੇ ਰਹਿ ਕੇ ਲੜਨੀਆਂ ਅਤੇ ਫਿਰ ਜਿੱਤਣੀਆਂ ਹਨ। ਉਸ ਦੇ ਇਸ ਦਾਅਵੇ ਤੋਂ ਕੁਝ ਲੋਕ ਹੱਸਦੇ ਹਨ, ਪਰ ਜਿਸ ਤਰ੍ਹਾਂ ਇਨ੍ਹਾਂ ਸਿੱਖ ਬੁੱਧੀਜੀਵੀਆਂ ਨੂੰ ਭਾਜਪਾ ਨੇ ਆਪਣੇ ਨਾਲ ਗੰਢਿਆ ਹੈ, ਉਹ ਕਈ ਅਕਾਲੀ ਆਗੂਆਂ ਨੂੰ ਵੀ ਆਪਣੇ ਵੱਲ ਖਿੱਚਣ ਲਈ ਤਾਣ ਲਾ ਰਹੀ ਹੈ ਅਤੇ ਉਸ ਦੀ ਕੋਸਿ਼ਸ਼ ਹੈ ਕਿ ਅਗਲੀ ਵਾਰੀ ਪੰਜਾਬ ਦੀ ਕਮਾਨ ਕੁਝ ਸਿੱਖ ਆਗੂਆਂ ਹੱਥ ਦੇ ਕੇ ਇਹ ਰਾਜ ਜਿੱਤਣ ਲਈ ‘ਅਭੀ ਜਾਂ ਕਭੀ ਨਹੀਂ’ ਵਾਲੀ ਖੇਡ ਖੇਡਣੀ ਹੈ। ਇਹ ਸਿੱਖ ਬੁੱਧੀਜੀਵੀ ਉਸ ਦੇ ਕਾਰਿੰਦੇ ਬਣ ਕੇ ਅੱਗੇ-ਅੱਗੇ ਨੱਚਣਗੇ।
ਇੱਕ ਬੁੱਧੀਜੀਵੀ, ਜਿਹੜਾ ਇਨ੍ਹਾਂ ਭਾਜਪਾ ਵਿੱਚ ਗਏ ਬੁੱਧੀਜੀਵੀਆਂ ਦਾ ਸਾਥੀ ਸਮਝਿਆ ਜਾਂਦਾ ਸੀ, ਪਰ ਭਾਜਪਾ ਵਿੱਚ ਸ਼ਾਮਲ ਹੋਣ ਲਈ ਨਹੀਂ ਗਿਆ, ਉਸ ਨੇ ਸਾਨੂੰ ਕਿਹਾ ਕਿ ਭਾਜਪਾ ਪੰਜਾਬ ਵਿੱਚ ਜਿੱਤਣੀ ਨਹੀਂ, ਇਹ ਜਿਹੜੀ ਝਾਕ ਵਿੱਚ ਓਥੇ ਗਏ ਹਨ, ਉਹ ਪੂਰੀ ਨਹੀਂ ਹੋਣੀ, ਓਥੇ ਕੁਝ ਮਿਲਣਾ ਨਹੀਂ। ਉਸ ਦੀ ਇਹ ਗੱਲ ਗਲਤ ਹੈ। ਕੇਂਦਰ ਸਰਕਾਰ ਚਲਾ ਰਹੀ ਪਾਰਟੀ ਕੋਲ ਬਹੁਤ ਸਾਰੇ ਅਹੁਦੇ ਹੁੰਦੇ ਹਨ, ਜਿੱਥੇ ਉਹ ਅਯੋਗ ਵਿਅਕਤੀ ਵੀ ਨਾਮਜ਼ਦ ਕਰ ਦੇਵੇ ਤਾਂ ਅਗਲੇ ਪੰਜ-ਛੇ ਸਾਲ ਉਹ ਮੰਤਰੀ ਦੇ ਬਰਾਬਰ ਸਹੂਲਤਾਂ, ਭੱਤੇ ਅਤੇ ਟੌਹਰ ਦਾ ਹੱਕਦਾਰ ਹੋ ਜਾਂਦਾ ਹੈ। ਭਾਜਪਾ ਵਿੱਚ ਗਏ ਇਹ ਸਿੱਖ ਬੁੱਧੀਜੀਵੀ ਅਸਲੀ ਅਰਥਾਂ ਵਿੱਚ ਬੁੱਧੀ-ਜੀਵੀ ਹਨ, ਜਿਹੜੇ ਬੁੱਧੀ ਦੇ ਆਸਰੇ ਅਗਲੇ ਪੰਜ-ਛੇ ਸਾਲਾਂ ਦੇ ਟੌਹਰ ਦਾ ਸੌਦਾ ਮਾਰਨ ਲਈ ਓਧਰ ਗਏ ਹੋ ਸਕਦੇ ਹਨ। ਪੰਜਾਬ ਦਾ ਕੀ ਬਣੇਗਾ, ਇਸ ਬਾਰੇ ਉਨ੍ਹਾਂ ਕਦੇ ਉਸ ਵਕਤ ਵੀ ਗੰਭੀਰਤਾ ਨਾਲ ਨਹੀਂ ਸੀ ਸੋਚਿਆ, ਜਦੋਂ ਸਿੱਖ ਮਾਨਸਿਕਤਾ ਨੂੰ ਉਭਾਰ ਕੇ ‘ਬ੍ਰਾਹਮਣਵਾਦ’ ਤੇ ਭਾਜਪਾ ਨਾਲ ਭਿੜਨ ਲਈ ਲੋਕਾਂ ਨੂੰ ਉਕਸਾਇਆ ਕਰਦੇ ਸਨ, ਅੱਜ ਜਦੋਂ ਕੋਈ ਖਾਸ ਪਦਵੀ ਮਿਲਣ ਦੀ ਝਾਕ ਹੋਵੇਗੀ, ਓਦੋਂ ਉਹ ਪੰਜਾਬ ਬਾਰੇ ਸੋਚਣ ਜੋਗਾ ਵਕਤ ਹੀ ਨਹੀਂ ਕੱਢ ਸਕਣਗੇ, ਸਗੋਂ ਓਨੇ ਸਮੇਂ ਵਿੱਚ ਪਦਵੀਆਂ ਵਿੱਚੋਂ ਕੰਮ ਦੀ ਪਦਵੀ ਚੁਣਨ ਦਾ ਕੰਮ ਕਰਨਗੇ।
ਵਿਚਾਰਾ ਪੰਜਾਬ ਇਸ ਵਕਤ ਫਿਰ ਉਨ੍ਹਾਂ ਸੁਆਰਥੀ ਲੋਕਾਂ ਦੀਆਂ ਨਿੱਜੀ ਲੋੜਾਂ ਦੀ ਭੇਟ ਚੜ੍ਹਨ ਦੇ ਰਾਹ ਪੈ ਗਿਆ ਜਾਪਦਾ ਹੈ, ਜਿਹੜੇ ਨਾਲ ਤੁਰੇ ਜਾਂਦੇ ਕਿਸੇ ਪੁਰਾਣੇ ਮਿੱਤਰ ਨੂੰ ਵੀ ਅਗਲਾ ਅਹੁਦਾ ਖੋਹਣ ਵਾਸਤੇ ਹਰ ਤਰ੍ਹਾਂ ਦੀ ਠਿੱਬੀ ਲਾ ਸਕਦੇ ਹਨ। ਵਿਧਾਨ ਸਭਾ ਚੋਣਾਂ ਵਿੱਚ ਅਜੇ ਅੱਠ-ਨੌਂ ਮਹੀਨੇ ਪਏ ਹਨ। ਏਨਾ ਸਮਾਂ ਰਹਿੰਦੇ ਤੋਂ ਜਦੋਂ ਏਦਾਂ ਦੀ ਕਲਾਕਾਰੀ ਹੁੰਦੀ ਦਿੱਸਣ ਲੱਗ ਪਈ ਹੈ ਤਾਂ ਚੋਣਾਂ ਨੇੜੇ ਪਹੁੰਚ ਕੇ ਜੋ ਕੁਝ ਹੋ ਸਕਦਾ ਹੈ, ਉਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਅੱਜ ਵਾਲੇ ਮੋੜ ਉੱਤੇ ਹੋਰ ਜੋ ਕੁਝ ਵੀ ਸੋਚਦੇ ਰਹੀਏ, ਇੱਕ ਗੱਲ ਸਪੱਸ਼ਟ ਹੈ ਕਿ ਅਗਲੀਆਂ ਚੋਣਾਂ ਵਾਸਤੇ ਸੁਰਾਂ ਦੀ ਸਾਂਝ ਦਾ ਜੋੜ ਜੁੜਦਾ ਦਿਖਾਈ ਨਹੀਂ ਦੇਂਦਾ। ਅਗਲੇ ਮਹੀਨਿਆਂ ਵਿੱਚ ਕੋਈ ਜੋੜ ਜੁੜ ਜਾਵੇ ਤਾਂ ਪਤਾ ਨਹੀਂ।

Leave a Reply

Your email address will not be published. Required fields are marked *