ਕੈਨੇਡਾ ’ਚ ਮੱਧਕਾਲੀ ਚੋਣਾਂ ਦਾ ਹੋ ਸਕਦਾ ਹੈ ਐਲਾਨ

ਕੈਨੇਡਾ ਵਿੱਚ ਮੱਧਕਾਲੀ ਚੋਣਾਂ ਦੇ ਐਲਾਨ ਸਬੰਧੀ ਲੰਮੇ ਸਮੇਂ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਇਸ ਸਬੰਧੀ ਐਲਾਨ ਐਤਵਾਰ ਨੂੰ ਹੋ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਗਵਰਨਰ ਜਨਰਲ ਨੂੰ ਮਿਲਣਗੇ, ਜਿਸ ਮਗਰੋਂ ਚੋਣਾਂ ਸਬੰਧੀ ਐਲਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੀਟਿੰਗ ਮੱਧਕਾਲੀ ਚੋਣਾਂ ਦੇ ਐਲਾਨ ਸਬੰਧੀ ਕੀਤੀ ਜਾ ਰਹੀ ਹੈ ਤੇ ਗਵਰਨਰ ਜਨਰਲ ਪਾਰਲੀਮੈਂਟ ਭੰਗ ਕਰ ਕੇ ਮੱਧਕਾਲੀ ਚੋਣਾਂ ਦਾ ਐਲਾਨ ਕਰ ਸਕਦੇ ਹਨ। ਸੰਭਵ ਹੈ ਕਿ ਚੋਣ ਪ੍ਰਕਿਰਿਆ ਲਈ ਘੱਟੋ-ਘੱਟ ਨਿਰਧਾਰਤ 36 ਦਿਨਾਂ ਦਾ ਸਮਾਂ ਦੇ ਕੇ 20 ਸਤੰਬਰ ਨੂੰ ਚੋਣਾਂ ਦਾ ਐਲਾਨ ਕੀਤਾ ਜਾਵੇ। ਬੇਸ਼ੱਕ ਸਰਕਾਰ ਹਾਲੇ ਇਸ ਬਾਰੇ ਚੁੱਪ ਹੈ, ਪਰ ਸੀਬੀਸੀ, ਰਾਇਟਰ ਤੇ ਹੋਰ ਵੱਡੀਆਂ ਖਬਰ ਏਜੰਸੀਆਂ ਨੇ ਖਾਸ ਸਰੋਤਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਐਤਵਾਰ ਨੂੰ ਚੋਣ ਅਮਲ ਦਾ ਐਲਾਨ ਹੋ ਜਾਵੇਗਾ। ਵਿਰੋਧੀ ਪਾਰਟੀਆਂ ਮੱਧਕਾਲੀ ਚੋਣਾਂ ਨੂੰ ਦੇਸ਼ ਲਈ ਮੰਦਭਾਗਾ ਦੱਸ ਰਹੀਆਂ ਹਨ। ਅਕਤੂਬਰ 2019 ਵਿੱਚ ਹੋਈਆਂ ਚੋਣਾਂ ਵਿਚ ਲਿਬਰਲ ਪਾਰਟੀ 14 ਸੀਟਾਂ ਦੀ ਘਾਟ ਕਾਰਨ ਬਹੁਮੱਤ ਸਾਬਤ ਕਰਨ ਤੋਂ ਰਹਿ ਗਈ ਸੀ। ਵੱਡੀ ਪਾਰਟੀ ਹੋਣ ਕਾਰਨ ਬਿਨਾਂ ਗਠਬੰਧਨ ਇਹ ਪਾਰਟੀ ਜਸਟਿਨ ਟਰੂਡੋ ਦੀ ਅਗਵਾਈ ਹੇਠ ਸਰਕਾਰ ਚਲਾ ਤਾਂ ਰਹੀ ਹੈ, ਪਰ ਕਈ ਵਿੱਤੀ ਬਿੱਲ ਪਾਸ ਕਰਾਉਣ ਲਈ ਉਸ ਨੂੰ ਸਹਿਯੋਗ ਲਈ ਵਿਰੋਧੀਆਂ ਵਲ ਝਾਕਣਾ ਪੈਂਦਾ ਹੈ। ਕਰੋਨਾ ਕਾਲ ਵਿਚ ਸਰਕਾਰ ਨੂੰ ਵਡੇ ਫੈ਼ਸਲੇ ਲੈਣ ਵਿਚ ਵੀ ਔਖਿਆਈ ਹੋਈ। ਜਸਟਿਨ ਟਰੂਡੋ ਸਮਝਦੇ ਹਨ ਕਿ ਕਰੋਨਾ ਕਾਲ ਦੌਰਾਨ ਦੇਸ਼ ਵਾਸੀਆਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਕਾਰਨ ਉਨ੍ਹਾਂ ਦੀ ਪਾਰਟੀ ਵੱਡੇ ਫਰਕ ਨਾਲ ਜਿੱਤ ਸਕਦੀ ਹੈ। ਇਸੇ ਕਾਰਨ ਉਨ੍ਹਾਂ ਵੱਲੋਂ ਕਈ ਮਹੀਨਿਆਂ ਤੋਂ ਮੱਧਕਾਲੀ ਚੋਣਾਂ ਦੇ ਸੰਕੇਤ ਦਿੱਤੇ ਜਾ ਰਹੇ ਸਨ। ਉਧਰ ਵਿਰੋਧੀ ਪਾਰਟੀਆਂ ਵੱਲੋਂ ਮੱਧਕਾਲੀ ਚੋਣਾਂ ਨੂੰ ਖੁਦਗਰਜ਼ੀ ਕਰਾਰ ਦਿੱਤਾ ਜਾ ਰਿਹਾ ਹੈ। ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਕਰੋਨਾ ਅਜੇ ਵੀ ਅਸਰਦਾਰ ਹੈ ਤੇ ਇਸ ਦੇ ਖਾਤਮੇ ਤੱਕ ਚੋਣਾਂ ਬਾਰੇ ਸੋਚਣਾ ਗਲਤ ਹੋਵੇਗਾ। ਟੋਰੀ ਆਗੂ ਐਰਿਨ ਓ ਟੂਲ ਨੇ ਕਿਹਾ ਹੈ ਕਿ ਚੋਣਾਂ ਦੇ ਖਿਆਲ ਦੀ ਥਾਂ ਸਰਕਾਰ ਨੂੰ ਕਰੋਨਾ ਦੀ ਚੌਥੀ ਲਹਿਰ ਨਾਲ ਸਿੱਝਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਟਰੂਡੋ ਦੇਸ਼ ਵਾਸੀਆਂ ਦੀ ਥਾਂ ਹਮੇਸ਼ਾ ਆਪਣੇ ਬਾਰੇ ਸੋਚ ਕੇ ਅੱਗੇ ਤੁਰਦਾ ਹੈ। ਪਰ ਦੇਸ਼ ਦੀ ਮੁੱਖ ਸਿਹਤ ਅਫ਼ਸਰ ਡਾ. ਥੈਰੇਸ ਟੈਮ ਨੇ ਕਿਹਾ ਕਿ ਦੇਸ਼ ਵਾਸੀਆਂ ਦਾ ਵੱਡੇ ਪੱਧਰ ’ਤੇ ਟੀਕਾਕਰਨ ਹੋਣ ਕਾਰਨ ਉੁਹ ਚੋਣਾਂ ਦੇ ਦੁਰਪ੍ਰਭਾਵ ਤੋਂ ਮੁਕਤ ਰਹਿਣਗੇ। ਪਿਛਲੇ ਮਹੀਨਿਆਂ ਦੌਰਾਨ ਵੱਖ-ਵੱਖ ਸੰਗਠਨਾਂ ਵੱਲੋਂ ਕਰਵਾਏ ਗਏ ਚੋਣ ਸਰਵੇਖਣਾਂ ਵਿੱਚ ਲਿਬਰਲ ਪਾਰਟੀ ਦੀ ਚੜ੍ਹਤ ਦਰਸਾਈ ਗਈ ਹੈ। ਪਰ ਵਿਰੋਧੀ ਪਾਰਟੀਆਂ ਚੋਣ ਸਰਵੇਖਣਾਂ ਦਾ ਪਿਛੋਕੜ ਫਰੋਲ ਕੇ ਉਨ੍ਹਾਂ ਦੇ ਅਨੁਮਾਨਾਂ ਨੂੰ ਗਲਤ ਕਰਾਰ ਦਿੰਦੀਆਂ ਹਨ। ਚੋਣਾਂ ਦੇ ਮੱਦੇਨਜ਼ਰ ਕੈਨੇਡਾ ਦੀਆਂ ਸੂਹੀਆ ਏਜੰਸੀਆਂ ਨੇ ਖ਼ਬਰਦਾਰ ਕੀਤਾ ਹੈ ਕਿ ਰੂਸ, ਚੀਨ ਤੇ ਭਾਰਤ ਚੋਣਾਂ ਵਿਚ ਆਪਣਾ ਪ੍ਰਭਾਵ ਵਰਤਣ ਦੇ ਯਤਨ ਕਰਨਗੇ।

Leave a Reply

Your email address will not be published.