ਪਿਯੂਸ਼ ਵੱਲੋਂ ਕੰਪਨੀਆਂ ਅਤੇ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਆਲੋਚਨਾ

ਵਣਜ ਮੰਤਰੀ ਪਿਯੂਸ਼ ਗੋਇਲ ਦੀ ਭਾਰਤੀ ਸਨਅਤਕਾਰਾਂ ਵੱਲੋਂ ਸਰਕਾਰ ’ਤੇ ਹਮਲੇ ਲਈ ਅਪਣਾਏ ਜਾ ਰਹੇ ਢੰਗ ਤਰੀਕਿਆਂ ਦੀ ਆਲੋਚਨਾ ਕਰਨ ਮਗਰੋਂ ਵਿਰੋਧੀ ਧਿਰ ਦੇ ਆਗੂਆਂ ਨੇ ਮੰਤਰੀ ਨੂੰ ਘੇਰੇ ’ਚ ਲੈਣ ਦੇ ਨਾਲ ਨਾਲ ਕਾਰੋਬਾਰੀਆਂ ਨੂੰ ਵੀ ਨਹੀਂ ਬਖ਼ਸ਼ਿਆ ਹੈ। ਕੁਝ ਆਗੂਆਂ ਨੇ ਹੁਕਮਰਾਨ ਧਿਰ ਦਾ ਪੱਖ ਪੂਰਨ ’ਤੇ ਕਾਰੋਬਾਰੀਆਂ ਨੂੰ ਕਿਹਾ ਹੈ ਕਿ ‘ਜੋ ਤੁਸੀਂ ਬੀਜੋਗੇ, ਉਹੀ ਵੱਢੋਗੇ।’ ਸੀਆਈਆਈ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਕਿਹਾ ਸੀ ਕਿ ਭਾਰਤੀ ਸਨਅਤਕਾਰਾਂ ਵੱਲੋਂ ਅਪਣਾਏ ਜਾਂਦੇ ਕਾਰੋਬਾਰੀ ਢੰਗ-ਤਰੀਕੇ ਕੌਮੀ ਹਿੱਤਾਂ ਖ਼ਿਲਾਫ਼ ਹਨ।

ਅੰਗਰੇਜ਼ੀ ਦੇ ਅਖ਼ਬਾਰ ‘ਦਿ ਹਿੰਦੂ’ ਦੀ ਰਿਪੋਰਟ ਮੁਤਾਬਕ ਪਿਯੂਸ਼ ਗੋਇਲ ਨੇ ਟਾਟਾ ਗਰੁੱਪ ਦਾ ਨਾਮ ਲੈਂਦਿਆਂ ਕਿਹਾ,‘‘ਕਿਆ ਆਪਕੇ ਜੈਸੀ ਕੰਪਨੀ, ਏਕ ਦੋ ਆਪਨੇ ਸ਼ਾਇਦ ਕੋਈ ਵਿਦੇਸ਼ੀ ਕੰਪਨੀ ਖ਼ਰੀਦ ਲੀ…ਉਸਕਾ ਮਹੱਤਵ ਜ਼ਿਆਦਾ ਹੋ ਗਯਾ, ਦੇਸ਼ ਹਿੱਤ ਕਮ ਹੋ ਗਯਾ?’’ ਉਂਜ ਮੰਤਰੀ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਕਾਂਗਰਸ ਤਰਜਮਾਨ ਜੈਵੀਰ ਸ਼ੇਰਗਿੱਲ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਮੰਤਰੀ ਰਾਸ਼ਟਰਵਾਦ ਦੇ ਝੰਡਾਬਰਦਾਰ ਹੋਣ ਦਾ ਢੋਂਗ ਕਰਦੇ ਹਨ। ਇਕ ਹੋਰ ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਸਨਅਤਕਾਰਾਂ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਭਾਜਪਾ ਸਰਕਾਰ ਦੀ ਹਮਾਇਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਜੋ ਤੁਸੀਂ ਬੀਜੋਗੇ, ਉਹੀ ਵੱਢੋਗੇ।’ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਵੀ ਟਵਿੱਟਰ ’ਤੇ ਕੁਝ ਅਜਿਹੀ ਹੀ ਟਿੱਪਣੀ ਕੀਤੀ ਹੈ। ਸ਼ਿਵ ਸੈਨਾ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਸਨਅਤਕਾਰਾਂ ਖ਼ਿਲਾਫ਼ ਵਰਤੀ ਗਈ ਭਾਸ਼ਾ ਨੂੰ ਸ਼ਰਮਨਾਕ ਕਰਾਰ ਦਿੱਤਾ। ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਸਰਕਾਰ ਦੀ ਨੁਕਤਾਚੀਨੀ ਕੀਤੀ। ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਨੇ ਗੋਇਲ ’ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਾੜੀ ਕਾਰਗੁਜ਼ਾਰੀ ਨੂੰ ਛਿਪਾਉਣ ਲਈ ਸਨਅਤਕਾਰਾਂ ਨੂੰ ਭੰਡਿਆ ਜਾ ਰਿਹਾ ਹੈ। ਸਾਬਕਾ ਸਕੱਤਰ ਅਨਿਲ ਸਵਰੂਪ ਨੇ ਕਿਹਾ ਕਿ ਗੋਇਲ ਵੱਲੋਂ ਅਜਿਹਾ ਬਿਆਨ ਨਹੀਂ ਦਿੱਤਾ ਜਾ ਸਕਦਾ ਹੈ ਕਿਉਂਕਿ ਕਿਸੇ ਵੀ ਸਨਅਤਕਾਰ ਨੇ ਇਸ ਦਾ ਵਿਰੋਧ ਨਹੀਂ ਕੀਤਾ ਹੈ।

Leave a Reply

Your email address will not be published.