ਠੇਡਾ ਵੀ ਲੱਗ ਸਕਦਾ ਹੈ ਦੇਸ਼-ਭਗਤੀ ਦਾ ਸਾਰਾ ਠੇਕਾ ਲੈ ਕੇ ਚੱਲ ਰਹੀ ਭਾਜਪਾ

ਰਾਸ਼ਟਰੀ ਸੋਇਮਸੇਵਕ ਸੰਘ ਵੱਲੋਂ ਪਿੱਛੇ ਬੈਠ ਕੇ ਭਾਜਪਾ ਆਗੂ ਨਰਿੰਦਰ ਮੋਦੀ ਰਾਹੀਂ ਚਲਾਈ ਜਾਂਦੀ ਭਾਰਤ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਖੇਡ ਐਵਾਰਡ ਦਾ ਨਾਂਅ ਬਦਲ ਕੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੀ ਥਾਂ ‘ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ’ ਕਰ ਦਿੱਤਾ ਹੈ। ਇਸ ਦੀ ਹਮਾਇਤ ਅਤੇ ਵਿਰੋਧ ਦੀਆਂ ਦਲੀਲਾਂ ਦੇਣ ਵਾਲਿਆਂ ਦੀ ਲੜੀ ਬਹੁਤ ਲੰਮੀ ਜਾਪਦੀ ਹੈ। ਬਹੁਤਾ ਕਰ ਕੇ ਦੋਵੇਂ ਧਿਰਾਂ ਦੇ ਲੋਕ ਇੱਕ ਜਾਂ ਦੂਸਰੀ ਰਾਜਨੀਤੀ ਨਾਲ ਜੋੜ ਕੇ ਇਸ ਖੇਡ ਐਵਾਰਡ ਦਾ ਮੁੱਦਾ ਚੁੱਕ ਰਹੇ ਹਨ। ਸੱਚਾਈ ਇਹ ਹੈ ਕਿ ਜਦੋਂ ਕਾਂਗਰਸ ਦੀ ਚੜ੍ਹਤ ਸੀ, ਉਨ੍ਹਾਂ ਨੇ ਨਹਿਰੂ-ਗਾਂਧੀ ਪਰਵਾਰ ਦੀ ਚਾਪਲੂਸੀ ਵਿੱਚ ਸਿਖਰ ਛੋਹ ਰੱਖਿਆ ਸੀ ਤੇ ਲਗਭਗ ਹਰ ਨਵੀਂ ਗੱਲ ਨਾਲ ਉਸੇ ਟੱਬਰ ਦਾ ਨਾਂਅ ਜੋੜਨਾ ਜ਼ਰੂਰੀ ਹੋ ਗਿਆ ਸੀ। ਓਦੋਂ ਦੀਆਂ ਉਸ ਇੱਕੋ ਪਰਵਾਰ ਨਾਲ ਜੋੜੀਆਂ ਥਾਂਵਾਂ ਵਿੱਚੋਂ ਕਿਸੇ ਇੱਕ ਦਾ ਨਾਂਅ ਬਦਲ ਕੇ ਨਰਿੰਦਰ ਮੋਦੀ ਨੇ ਝਟਕਾ ਦਿੱਤਾ ਹੈ ਤਾਂ ਕਈ ਲੋਕ ਖੁਸ਼ ਹਨ। ਉਂਜ ਹਾਕੀ ਖਿਡਾਰੀ ਧਿਆਨ ਚੰਦ ਦਾ ਸਤਿਕਾਰ ਕਰਨਾ ਸੀ ਤੇ ਕਰਨਾ ਵੀ ਬਣਦਾ ਸੀ ਤਾਂ ਇਸ ਤੋਂ ਵੱਡਾ ਨਵਾਂ ਐਵਾਰਡ ਉਸ ਦੇ ਨਾਂਅ ਨਾਲ ਚਾਲੂ ਕਰ ਕੇ ਕੀਤਾ ਜਾ ਸਕਦਾ ਸੀ, ਰਾਜੀਵ ਦਾ ਨਾਂਅ ਕੱਟ ਕੇ ਉਸ ਦਾ ਨਾਂਅ ਲਿਖਣਾ ਸਾਫ ਦੱਸਦਾ ਹੈ ਕਿ ਇਰਾਦਾ ਧਿਆਨ ਚੰਦ ਦਾ ਸਨਮਾਨ ਕਰਨ ਦਾ ਘੱਟ ਤੇ ਨਹਿਰੂ-ਗਾਂਧੀ ਪਰਵਾਰ ਦਾ ਅਪਮਾਨ ਕਰਨ ਦਾ ਵੱਧ ਸੀ ਤੇ ਕਰ ਦਿੱਤਾ ਹੈ। ਕੁਝ ਲੋਕ ਇਹ ਕਹਿ ਰਹੇ ਹਨ ਕਿ ਜੇ ਰਾਜੀਵ ਗਾਂਧੀ ਦਾ ਨਾਂਅ ਖੇਡ ਐਵਾਰਡ ਨਾਲ ਲਾਉਣਾ ਗਲਤ ਸੀ ਤਾਂ ਜਿਉਂਦੇ-ਜਾਗਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਸੰਸਾਰ ਭਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਾਲੋਂ ਅਤੇ ਮਰਹੂਮ ਭਾਜਪਾ ਨੇਤਾ ਅਰੁਣ ਜੇਤਲੀ ਦਾ ਨਾਂਅ ਦਿੱਲੀ ਵਿਚਲੇ ਕ੍ਰਿਕਟ ਸਟੇਡੀਅਮ ਨਾਲੋਂ ਵੀ ਕੱਟ ਦੇਣਾ ਚਾਹੀਦਾ ਹੈ। ਭਾਜਪਾ ਲੀਡਰ ਇਸ ਦੇ ਲਈ ਕਦੀ ਨਹੀਂ ਮੰਨ ਸਕਦੇ।
ਨਰਿੰਦਰ ਮੋਦੀ ਤੇ ਉਸ ਦੇ ਪਿੱਛੇ ਖੜੀ ਢਾਣੀ ਇਹ ਮੰਨ ਕੇ ਚੱਲਦੀ ਹੈ ਕਿ ਜਦੋਂ ਤੱਕ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਦਾ ਨਾਂਅ ਲੋਕਾਂ ਦੇ ਮਨਾਂ ਤੋਂ ਕੱਢਿਆ ਨਹੀਂ ਜਾਂਦਾ, ਰਾਜਨੀਤਕ ਪੱਖੋਂ ‘ਕਾਂਗਰਸ ਮੁਕਤ ਭਾਰਤ’ ਬਣਾਉਣ ਦੀ ਸੋਚ ਸਿਰੇ ਨਹੀਂ ਚੜ੍ਹ ਸਕਦੀ। ਇਸ ਧਾਰਨਾ ਨੂੰ ਸਿਰੇ ਚੜ੍ਹਾਉਣ ਲਈ ਉਹ ਹੌਲੀ-ਹੌਲੀ ਕਾਂਗਰਸੀ ਨੁਸਖਾ ਅਪਣਾਉਣ ਤੇ ਕਾਂਗਰਸੀ ਆਗੂਆਂ ਦੀ ਥਾਂ ਓਸੇ ਤਰ੍ਹਾਂ ਹਰ ਪਾਸੇ ਆਪਣੇ ਮੌਜੂਦਾ ਅਤੇ ਮਰਹੂਮ ਨੇਤਾਵਾਂ ਦੇ ਨਾਂਅ ਲਿਖਣ ਦੇ ਰਾਹ ਪੈ ਚੁੱਕੇ ਹਨ। ਇਹ ਕੰਮ ਮੱਠੀ ਚਾਲੇ ਹੋ ਰਿਹਾ ਹੈ ਅਤੇ ਹੁੰਦਾ ਰਹਿਣਾ ਹੈ। ਦੇਸ਼ ਦੇ ਲੋਕਾਂ ਨੂੰ ਨਾ ਹਰ ਪਾਸੇ ਕਾਂਗਰਸੀਆਂ ਦੇ ਮੋਹਰੀ ਪਰਵਾਰ ਦੇ ਨਾਂਅ ਲਿਖੇ ਚੁਭਦੇ ਸਨ ਤੇ ਨਾ ਭਾਜਪਾ ਵਾਲਿਆਂ ਦੇ ਨਾਂਅ ਕੋਈ ਗਹੁ ਨਾਲ ਪੜ੍ਹਦਾ ਹੈ, ਆਮ ਲੋਕਾਂ ਕੋਲ ਏਦਾਂ ਦੀਆਂ ਗੱਲਾਂ ਬਾਰੇ ਸੋਚਣ ਦਾ ਵਕਤ ਹੀ ਨਹੀਂ ਹੁੰਦਾ, ਕਿਉਂਕਿ ਦੋ ਡੰਗ ਦੀ ਰੋਟੀ ਦੀ ਚਿੰਤਾ ਕਾਂਗਰਸੀ ਰਾਜ ਦੇ ਵਕਤ ਵੀ ਖਹਿੜਾ ਨਹੀਂ ਸੀ ਛੱਡਦੀ ਤੇ ਭਾਜਪਾ ਰਾਜ ਵਿੱਚ ਵੀ ਨਹੀਂ ਛੱਡਦੀ। ‘ਪੇਟ ਨਾ ਪਈਆਂ ਰੋਟੀਆਂ, ਸੱਭੋ ਗੱਲਾਂ ਖੋਟੀਆਂ’ ਦੇ ਮੁਹਾਵਰੇ ਵਾਂਗ ਆਮ ਆਦਮੀ ਲਈ ਰਾਜਨੀਤੀ ਦੀਆਂ ਇਨ੍ਹਾਂ ਤਿਕੜਮਾਂ ਬਾਰੇ ਸੋਚਣ ਦਾ ਕੀ, ਬੀਤੇ ਤਜਰਬੇ ਵਿੱਚ ਝਾਕਣ ਦਾ ਵੀ ਵਕਤ ਨਹੀਂ ਹੁੰਦਾ, ਵਰਨਾ ਮੌਕੇ ਦੀਆਂ ਸਰਕਾਰਾਂ ਦੇ ਕਿਰਦਾਰ ਬਾਰੇ ਵੀ ਸੌਖਾ ਸਮਝ ਸਕਦੇ।
ਅੱਜ ਜਿਸ ਪੜਾਅ ਵਿੱਚੋਂ ਭਾਰਤ ਲੰਘ ਰਿਹਾ ਹੈ, ਓਥੇ ਦੇਸ਼-ਭਗਤੀ ਦਾ ਸਭ ਤੋਂ ਵੱਡਾ ਸਰਟੀਫਿਕੇਟ ਭਾਜਪਾ ਜਾਂ ਆਰ ਐੱਸ ਐੱਸ ਨਾਲ ਜੁੜਿਆ ਹੋਣਾ ਮੰਨਿਆ ਜਾਂਦਾ ਹੈ। ਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਬਾਰੇ ਵੀ ਓਦੋਂ ਦੇ ਸ਼ਹੀਦਾਂ ਤੇ ਸੰਗਰਾਮੀਆਂ ਨੂੰ ਆਪਣੀ ਸੋਚ ਦੇ ਚੌਖਟੇ ਵਿੱਚ ਫਿੱਟ ਕਰਨ ਦਾ ਯਤਨ ਕਰਦੇ ਹਨ ਤੇ ਜਿਹੜੇ ਫਿੱਟ ਨਾ ਆਉਂਦੇ ਹੋਣ, ਉਨ੍ਹਾਂ ਦੇ ਖਿਲਾਫ ਭੰਡੀ-ਪ੍ਰਚਾਰ ਸ਼ੁਰੂ ਕਰ ਸਕਦੇ ਹਨ। ਸਰਕਾਰੀ ਸਰਪ੍ਰਸਤੀ ਹੋਣ ਕਾਰਨ ਭਾਜਪਾ ਦੀ ਹਰ ਗੱਲ ਜਾਇਜ਼ ਠਹਿਰਾਉਣ ਵਾਲਿਆਂ ਨੂੰ ਕੋਈ ਇਹ ਵੀ ਯਾਦ ਨਹੀਂ ਕਰਾਉਂਦਾ ਕਿ ਦੇਸ਼ ਨੂੰ ਆਜ਼ਾਦੀ ਮਿਲਣ ਵੇਲੇ ਆਰ ਐੱਸ ਐੱਸ ਨੇ ਉਸ ਤਿਰੰਗੇ ਝੰਡੇ ਨੂੰ ਸਨਮਾਨ ਨਾ ਦੇਣ ਦਾ ਸੱਦਾ ਦਿੱਤਾ ਸੀ, ਜਿਸ ਤਿਰੰਗੇ ਨੂੰ ਅੱਜ ਉਹੋ ਲੋਕ ਸਭ ਤੋਂ ਵੱਧ ਉੱਚਾ ਚੁੱਕਣ ਦੀਆਂ ਗੱਲਾਂ ਕਰਦੇ ਹਨ। ਸੰਘ ਪਰਵਾਰ ਦਾ ਬੁਲਾਰਾ ਅੰਗਰੇਜ਼ੀ ਮੈਗਜ਼ੀਨ ‘ਆਰਗੇਨਾਈਜ਼ਰ’ ਆਜ਼ਾਦੀ ਮਿਲਣ ਦੇ ਸਾਲ 1947 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦੇ 17 ਜੁਲਾਈ 1947 ਨੂੰ ਛਪੇ ਤੀਸਰੇ ਅੰਕ ਵਿੱਚ ਸੰਪਾਦਕੀ ਲੇਖ ਵਿੱਚ ਹੀ ਤਿਰੰਗੇ ਝੰਡੇ ਨੂੰ ਮਾਨਤਾ ਦੇਣ ਦਾ ਤਿੱਖਾ ਵਿਰੋਧ ਕਰਦੇ ਹੋਏ ਲਿਖ ਦਿੱਤਾ ਗਿਆ ਸੀ ਕਿ ਸਮਾਂ ਆਵੇਗਾ, ਜਦੋਂ ਇਸ ਦੇਸ਼ ਵਿੱਚ ਤਿਰੰਗਾ ਨਹੀਂ, ਸਿਰਫ ਭਗਵਾ ਝੰਡਾ ਲਹਿਰਾਇਆ ਕਰੇਗਾ। ਉਸ ਤੋਂ ਬਾਅਦ ਕਈ ਸਾਲਾਂ ਤੱਕ ਇਸ ਸੰਗਠਨ ਨੇ ਆਪਣੇ ਨਾਗਪੁਰ ਵਾਲੇ ਮੁੱਖ ਦਫਤਰ ਉੱਤੇ ਤਿਰੰਗਾ ਝੰਡਾ ਨਹੀਂ ਸੀ ਲਾਇਆ, ਪਰ ਭਾਰਤ ਉੱਤੇ ਰਾਜ ਕਰਨ ਦਾ ਸੁਫਨਾ ਸਿਰੇ ਚੜ੍ਹਾਉਣ ਲਈ ਇੱਕ ਮਜੂਬੂਰੀ ਵਿੱਚ ਲਾਇਆ ਜਾਣ ਲੱਗਾ ਹੈ। ਆਜ਼ਾਦੀ ਮਿਲਣ ਵੇਲੇ ਆਰ ਐੱਸ ਐੱਸ ਦੇ ਓਦੋਂ ਦੇ ਮੁਖੀ ਗੋਲਵਾਲਕਰ ਨੇ ਆਖਿਆ ਸੀ ਕਿ ਕੁਦਰਤ ਦੀ ਕਿੱਕ ਨਾਲ ਸੱਤਾ ਵਿੱਚ ਆਏ ਆਗੂ ਸਾਡੇ ਹੱਥ ਤਿਰੰਗਾ ਫੜਾ ਸਕਦੇ ਹਨ, ਪਰ ਇਹ ਝੰਡਾ ਕਦੇ ਵੀ ਹਿੰਦੂਆਂ ਵੱਲੋਂ ਨਾ ਸਤਿਕਾਰਿਆ ਜਾਵੇਗਾ ਅਤੇ ਨਾ ਅਪਣਾਇਆ ਜਾਵੇਗਾ। ਇਸ ਤੋਂ ਅੱਗੇ ਵਧ ਕੇ ਇਹ ਵੀ ਲਿਖਿਆ ਗਿਆ ਕਿ ਤਿੰਨ ਦਾ ਨੰਬਰ ਹੀ ਆਪਣੇ ਆਪ ਵਿੱਚ ਬੁਰਾਈ ਹੈ ਅਤੇ ਇਹ ਤਿੰਨ ਰੰਗਾਂ ਵਾਲਾ ਝੰਡਾ ਦੇਸ਼ ਦੀ ਮਾਨਸਕਿਤਾ ਉੱਤੇ ਬੁਰਾ ਅਸਰ ਪਾਵੇਗਾ ਅਤੇ ਉਸ ਨੂੰ ਜ਼ਖਮੀ ਕਰੇਗਾ।
ਸਾਨੂੰ ਇਹ ਗੱਲ ਪਤਾ ਹੈ ਕਿ ਰਾਜ-ਸੁਖ ਦੀ ਭੁੱਖ ਦੀਆਂ ਸਤਾਈਆਂ ਕੁਝ ਧਿਰਾਂ ਦੀ ਮਦਦ ਨਾਲ ਗੱਠਜੋੜ ਬਣਾ ਕੇ ਦੇਸ਼ ਦੀ ਵਾਗ ਇੱਕ ਵਾਰ ਸਾਂਭ ਚੁੱਕੀ ਭਾਜਪਾ ਕੋਲ ਇਸ ਵੇਲੇ ਏਨੀ ਤਾਕਤ ਹੈ ਕਿ ਜੋ ਮਰਜ਼ੀ ਭੰਨਤੋੜ ਕਰੀ ਜਾਵੇ, ਕੋਈ ਰੋਕ ਸਕਣ ਵਾਲੀ ਤਾਕਤ ਸਾਹਮਣੇ ਨਹੀਂ ਦਿੱਸਦੀ, ਪਰ ਹਾਲਾਤ ਸਦਾ ਇੱਕੋ ਰਹਿਣ ਦੀ ਗਾਰੰਟੀ ਨਹੀਂ ਹੁੰਦੀ। ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਹੜੀ ਮੁਹਿੰਮ ਇਸ ਵਕਤ ਚੱਲ ਰਹੀ ਹੈ, ਉਹ ਆਪਣੇ ਵਿਰੋਧ ਦੀਆਂ ਧਿਰਾਂ ਖੁਦ ਪੈਦਾ ਕਰਨ ਤੱਕ ਜਾ ਸਕਦੀ ਹੈ। ਘੱਟ-ਗਿਣਤੀਆਂ ਨੂੰ ਸਤਾਉਣ ਅਤੇ ਪੁਰਾਣੇ ਪ੍ਰਤੀਕਾਂ ਨੰ ਢਾਹੁਣ ਨਾਲ ਜਿੱਦਾਂ ਦੇ ਹਾਲਾਤ ਬਣ ਸਕਦੇ ਹਨ, ਭਾਜਪਾ ਲੀਡਰਸਿ਼ਪ ਉਨ੍ਹਾਂ ਬਾਰੇ ਨਹੀਂ ਸੋਚ ਰਹੀ। ਸ਼ਾਇਦ ਉਹ ਸੋਚਣਾ ਵੀ ਨਹੀਂ ਚਾਹੁੰਦੀ। ਉਹ ਲੋਕ ਥੋੜ੍ਹੇ ਨਹੀਂ, ਜਿਹੜੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਵਿਰੋਧ ਕਰਨ ਦੀ ਹਿੰਮਤ ਕਰ ਸਕਦੇ ਹਨ ਤੇ ਜਦੋਂ ਏਦਾਂ ਦੀ ਹਿੰਮਤ ਦਾ ਕੋਈ ਠੋਸ ਮੁੱਢ ਇੱਕ ਵਾਰੀ ਬੱਝ ਗਿਆ, ਫਿਰ ਰੇਤ ਦੀ ਬੋਰੀ ਵਾਂਗ ਹੀ ਕੇਰਾ ਲੱਗਦਾ ਹੁੰਦਾ ਹੈ ਤੇ ਰੁਕਦਾ ਨਹੀਂ ਹੁੰਦਾ।

Leave a Reply

Your email address will not be published. Required fields are marked *