ਕਿਊਬਿਕ ਵਾਸੀਆਂ ਦਾ ਦਿਲ ਜਿੱਤਣ ਲਈ ਜਗਮੀਤ ਸਿੰਘ ਨੇ ਮਾਂਟਰੀਅਲ ਤੋਂ ਕੀਤੀ ਚੋਣ ਮੁਹਿੰਮ ਦੀ ਸ਼ੁਰੂਆਤ

ਮਾਂਟਰੀਅਲ, 16 ਅਗਸਤ: ਨਿਊ ਡੈਮੋਕ੍ਰੇਟ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਐਤਵਾਰ ਨੂੰ ਕਿਊਬਿਕ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। 2011 ਵਿੱਚ ਐਨਡੀਪੀ ਨੂੰ ਇੱਥੇ ਕਾਫੀ ਚੜ੍ਹਤ ਮਿਲੀ ਸੀ ਜਦਕਿ 2019 ਵਿੱਚ ਪਾਰਟੀ ਇੱਥੇ ਹਾਰ ਗਈ ਸੀ। ਜਗਮੀਤ ਸਿੰਘ ਨੇ ਆਖਿਆ ਕਿ ਉਹ ਕਿਊਬਿਕ ਵਾਸੀਆਂ ਨੂੰ ਇਹ ਵਿਖਾਉਣਾ ਚਾਹੁੰਦੇ ਹਨ ਕਿ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਉਨ੍ਹਾਂ ਵਾਸਤੇ ਕਿੰਨੀ ਮਿਹਨਤ ਕੀਤੀ।
ਇੱਕ ਦਹਾਕੇ ਪਹਿਲਾਂ ਤਤਕਾਲੀ ਐਨਡੀਪੀ ਆਗੂ ਜੈਕ ਲੇਯਟਨ ਦੀ ਹਰਮਨਪਿਆਰਤਾ ਕਾਰਨ ਪਾਰਟੀ ਨੂੰ ਕਾਫੀ ਮੁਕਬੂਲੀਅਤ ਮਿਲੀ ਸੀ। 2015 ਵਿੱਚ ਪਾਰਟੀ ਇੱਥੇ ਕਈ ਸੀਟਾਂ ਗੁਆ ਬੈਠੀ। ਰਹਿੰਦੀ ਕਸਰ ਉਦੋਂ ਪੂਰੀ ਹੋ ਗਈ ਜਦੋਂ ਬਿੱਲ 21 ਕਾਰਨ ਪਿਛਲੀਆਂ ਚੋਣਾਂ ਵਿੱਚ ਬਹਿਸ ਦੌਰਾਨ ਪਾਰਟੀ ਨੂੰ ਨੁਕਸਾਨ ਪਹੁੰਚਿਆ। ਇਸ ਕਾਨੂੰਨ ਤਹਿਤ ਪਬਲਿਕ ਸੈਕਟਰ ਨਾਲ ਕੰਮ ਕਰਨ ਵਾਲੇ ਵਰਕਰਜ਼ ਨੂੰ ਹਿਜਾਬ ਪਾਉਣ ਤੇ ਪੱਗ ਆਦਿ ਬੰੰਨ੍ਹਣ ਤੋਂ ਮਨਾਹੀ ਹੈ।2019 ਦੀ ਕੈਂਪੇਨ ਦੌਰਾਨ ਮਾਂਟਰੀਅਲ ਦੇ ਇੱਕ ਵਿਅਕਤੀ ਵੱਲੋਂ ਜਗਮੀਤ ਸਿੰਘ ਨੂੰ ਆਪਣੇ ਕੇਸ ਕਟਾਕੇ ਆਪਣੀ ਪੱਗ ਹਟਾਉਣ ਲਈ ਵੀ ਆਖਿਆ ਗਿਆ।
ਐਤਵਾਰ ਨੂੰ ਮਾਂਟਰੀਅਲ ਦੇ ਪਾਰਕ ਵਿੱਚ ਜਗਮੀਤ ਸਿੰਘ ਆਪਣੀ ਪਤਨੀ ਤੇ ਕਿਊਬਿਕ ਤੋਂ ਐਨਡੀਪੀ ਐਮਪੀ ਅਲੈਗਜੈ਼ਂਡਰ ਬੋਲਰਿਸ ਨਾਲ ਨਜ਼ਰ ਆਏ। ਜਗਮੀਤ ਸਿੰਘ ਨੇ ਕੈਨੇਡੀਅਨਜ਼ ਲਈ ਮਹਾਂਮਾਰੀ ਦੌਰਾਨ ਰਾਹਤ ਵਿੱਚ ਸੁਧਾਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਟਰੂਡੋ ਉੱਤੇ ਵਰ੍ਹਦਿਆਂ ਆਖਿਆ ਕਿ ਟਰੂਡੋ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਉਨ੍ਹਾਂ ਆਖਿਆ ਕਿ ਜਦੋਂ ਹਾਲਾਤ ਨਾਸਾਜ਼ ਹਨ, ਅਸੀਂ ਮਹਾਂਮਾਰੀ ਵਿੱਚੋਂ ਲੰਘ ਰਹੇ ਹਾਂ, ਲੋਕ ਮੁਸ਼ਕਲ ਵਿੱਚ ਫਸੇ ਹੋਏ ਹਨ, ਵਰਕਰਜ਼ ਨੂੰ ਕੰਮ ਨਹੀਂ ਮਿਲ ਰਿਹਾ ਤੇ ਜਿਨ੍ਹਾਂ ਕੋਲ ਕੰਮ ਹੈ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ, ਅਜਿਹੇ ਵਿੱਚ ਅਸੀਂ ਉਨ੍ਹਾਂ ਲਈ ਹਰਦਮ ਹਾਜ਼ਰ ਹਾਂ। ਅਸੀਂ ਉਨ੍ਹਾਂ ਲਈ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੜਾਂਗੇ।
ਜਿ਼ਕਰਯੋਗ ਹੈ ਕਿ ਵੇਜ ਸਬਸਿਡੀ ਵਧਾਊਣ ਤੇ ਫੈਡਰਲ ਵਰਕਰਜ਼ ਲਈ ਪੇਡ ਸਿੱਕ ਲੀਵ ਲਿਆਉਣ ਲਈ ਘੱਟ ਗਿਣਤੀ ਲਿਬਰਲ ਸਰਕਾਰ ਨਾਲ ਐਨਡੀਪੀ ਲੜੀ ਸੀ।ਉਨ੍ਹਾਂ ਆਖਿਆ ਕਿ ਐਨਡੀਪੀ ਦੇ ਓਟਵਾ ਵਿੱਚ ਹੋਣ ਨਾਲ ਹਰ ਕੈਨੇਡੀਅਨ ਨੂੰ ਫਾਇਦਾ ਹੋਇਆ ਹੈ। ਜਗਮੀਤ ਸਿੰਘ ਨੇ ਆਖਿਆ ਕਿ ਜੇ ਅਸੀਂ ਚੁਣੇ ਜਾਂਦੇ ਹਾਂ ਤਾਂ ਹੋਰ ਕੀ ਕੁੱਝ ਕਰ ਸਕਾਂਗੇ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਨਿੱਚਰਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਕਿਊਬਿਕ ਵਾਸੀਆਂ ਨੇ ਵੈਕਸੀਨ ਪਾਸਪੋਰਟ ਜਾਰੀ ਕਰਨ ਬਾਰੇ ਕਿਊਬਿਕ ਦੇ ਪ੍ਰੀਮੀਅਰ ਫਰੈੱਕੌਇਸ ਲੀਗਾਲਟ ਤੇ ਜਸਟਿਨ ਟਰੂਡੋ ਖਿਲਾਫ ਬੇਭਰੋਸਗੀ ਵਿਖਾਉਂਦਿਆਂ ਮਾਂਟਰੀਅਲ ਦੀਆਂ ਸੜਕਾਂ ਉੱਤੇ ਮੁਜ਼ਾਹਰਾ ਕੀਤਾ।
ਜਗਮੀਤ ਸਿੰਘ ਨੇ ਆਖਿਆ ਕਿ ਉਹ ਚੋਣਾਂ ਜਿੱਤਦੇ ਹਨ ਤਾਂ ਪਾਰਦਰਸ਼ਤਾ ਲਿਆਉਣਗੇ, ਸਪਸ਼ਟ ਸਬੂਤ ਸਬੰਧੀ ਨਿਯਮ ਬਣਾਉਣਗੇ ਤੇ ਇਹ ਸਾਫ ਦੱਸਣਗੇ ਕਿ ਲੋਕਾਂ ਨੂੰ ਪਬਲਿਕ ਹੈਲਥ ਮਾਪਦੰਡ ਕਿਉਂ ਮੰਨਣੇ ਚਾਹੀਦੇ ਹਨ।ਕਿਊਬਿਕ ਤੋਂ ਐਨਡੀਪੀ ਉਮੀਦਵਾਰ ਨੀਮਾ ਮਸ਼ੂਫ ਨਾਲ ਵੀ ਜਗਮੀਤ ਸਿੰਘ ਨੇ ਜਾਣ-ਪਛਾਣ ਕਰਵਾਈ।

 

Leave a Reply

Your email address will not be published.