ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ

ਲਾਹੌਰ ਦੇ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਦੇ ਬਾਹਰ ਸਥਾਪਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਕੁਝ ਵਿਅਕਤੀਆਂ ਨੇ ਤੋੜ ਦਿੱਤਾ ਹੈ। ਪੁਲੀਸ ਨੇ ਇਸ ਸਬੰਧ ਵਿਚ ਕੁਝ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਇਸ ਕਾਰਵਾਈ ਨੂੰ ਸਿੱਖ ਅਤੇ ਮੁਸਲਿਮ ਭਾਈਚਾਰੇ ਵਿੱਚ ਪਾੜ ਪਾਉਣ ਦਾ ਯਤਨ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਪੀਐੱਸਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਸਰਕਾਰ ਸਖ਼ਤ ਕਾਰਵਾਈ ਕਰੇਗੀ। ਇਸ ਸਬੰਧ ਵਿੱਚ ਉਨ੍ਹਾਂ ਖੁਦ ਵੀ ਸਬੰਧਤ ਵਿਭਾਗ ਨਾਲ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਦੋ ਵਾਰ ਇਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪਾਕਿਸਤਾਨ ਵਿਚ ਸਿੱਖ ਮੁਸਲਿਮ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਕਿਸੇ ਇਕ ਵਿਅਕਤੀ ਵੱਲੋਂ ਕੀਤੀ ਇਸ ਕਾਰਵਾਈ ਨੂੰ ਸਮੁੱਚੀ ਕੌਮ ਦੀ ਕਾਰਵਾਈ ਨਹੀਂ ਆਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਅਜਿਹੀ ਘਟਨਾ ਮੁੜ ਨਹੀਂ ਵਾਪਰੇਗੀ। ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਅਫ਼ਗਾਨ ਸਿੱਖ ਪਾਕਿਸਤਾਨ ਆਉਂਦੇ ਹਨ ਤਾਂ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ।

ਜ਼ਿਕਰਯੋਗ ਹੈ ਕਿ ਇਹ ਲਗਪਗ 9 ਫੁੱਟ ਉਚਾ ਬੁੱਤ 2019 ਵਿਚ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਸਥਾਪਿਤ ਕੀਤਾ ਗਿਆ ਸੀ। ਇਸ ਬੁੱਤ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਘੌੜੇ ’ਤੇ ਬੈਠਾ ਦਿਖਾਇਆ ਗਿਆ ਸੀ। ਬੁੱਤ ਤੋੜਨ ਵਾਲਿਆਂ ਨੇ ਸਿਰਫ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੀ ਤੋੜਿਆ ਹੈ। ਇਸ ਦੀ ਇਕ ਵੀਡੀੳ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿਚ ਬੁੱਤ ਤੋੜਨ ਵਾਲੀ ਥਾਂ ’ਤੇ 3 ਵਿਅਕਤੀ ਦਿਖਾਈ ਦੇ ਰਹੇ ਹਨ। ਮਿਲੇ ਵੇਰਵਿਆਂ ਮੁਤਾਬਕ ਬੁੱਤ ਨੂੰ ਨੁਕਸਾਉਣ ਪਹੁੰਚਾਉਣ ਵਾਲੇ ਪਾਕਿਸਤਾਨ ਦੀ ਗਰਮ ਖਿਆਲੀ ਜਥੇਬੰਦੀ ਤਹਿਰੀਕੇ ਲਭਾਇਕ ਦੇ ਕਾਰਕੁਨ ਹਨ।

 

Leave a Reply

Your email address will not be published. Required fields are marked *