‘ਆਪ’ ਵੱਲੋਂ ਵਿਧਾਇਕਾਂ ਦੀ ਇੱਕ ਤੋਂ ਵੱਧ ਪੈਨਸ਼ਨ ਬੰਦ ਕਰਨ ਦੀ ਮੰਗ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰ ਕੇ ਵਿਧਾਇਕਾਂ ਨੂੰ ਇਕ ਤੋਂ ਵੱਧ ਪੈਨਸ਼ਨ ਦੇਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਇੰਕਰੀਮੈਂਟ ਆਦਿ ਦੇ ਨਾਂ ਹੇਠ ਦਿੱਤਾ ਜਾਂਦਾ ਅਜਿਹਾ ਵਿੱਤੀ ਲਾਭ ਨੈਤਿਕ ਅਤੇ ਸਿਧਾਂਤਕ ਤੌਰ ’ਤੇ ਗਲਤ ਹੈ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 2004 ਵਿੱਚ ਸੁਧਾਰਾਂ ਦੇ ਨਾਂ ’ਤੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ, ਜਿਸ ਦਾ ਸਮੁੱਚੇ ਮੁਲਾਜ਼ਮ/ਪੈਨਸ਼ਨਰ ਵਰਗ ਨੇ ਭਾਰੀ ਵਿਰੋਧ ਕੀਤਾ, ਜੋ ਅੱਜ ਤੱਕ ਜਾਰੀ ਹੈ। ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਆਗੂ ਪੰਜ-ਪੰਜ ਪੈਨਸ਼ਨਾਂ ਲੈ ਰਹੇ ਹਨ ਪਰ ‘ਆਪ’ ਦੇ ਵਿਧਾਇਕ ਇੱਕ ਤੋਂ ਵੱਧ ਪੈਨਸ਼ਨ ਨਿਯਮ ਦੇ ਵਿਰੁੱਧ ਹਨ।

ਉਨ੍ਹਾਂ ਸਪੀਕਰ ਰਾਣਾ ਕੇ ਪੀ ਤੋਂ ਆਗਾਮੀ ਵਿਧਾਨ ਸਭਾ ਦੇ ਸੈਸ਼ਨ ’ਚ ਸਾਰੇ ਵਿਧਾਇਕਾਂ ਦੀ ਸਹਿਮਤੀ ਨਾਲ ਕਾਨੂੰਨ ਪਾਸ ਕਰ ਕੇ ਇੱਕ ਤੋਂ ਵੱਧ ਪੈਨਸ਼ਨ ਨਿਯਮ ਨੂੰ ਖ਼ਤਮ ਕਰਨ, ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਸਾਰਿਆਂ ਨੂੰ ਬਰਾਬਰਤਾ ਦੇ ਸਿਧਾਂਤ ਅਨੁਸਾਰ ਸਹੂਲਤਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰਿੰਸੀਪਲ ਬੁੱਧ ਰਾਮ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜੈ ਸਿੰਘ ਰੋੜੀ ਅਤੇ ਅਮਰਜੀਤ ਸਿੰਘ ਸੰਦੋਆ ਹਾਜ਼ਰ ਸਨ।

ਅਮਨ ਅਰੋੜਾ ਨੇ ਸੂਬੇ ਵਿੱਚ ਮਾੜੀ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ ਸੂਬੇ ਵਿੱਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵਾਂਗ ਕਾਂਗਰਸ ਦੇ ਰਾਜ ’ਚ ਵੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਰਹੀ ਹੈ। ਅਜਿਹੇ ਹਾਲਾਤ ’ਚ ਜਨਤਾ ਦਾ ਸੂਬਾ ਸਰਕਾਰ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਅਤੇ ਸੌੜੇ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।  ‘ਆਪ’ ਆਗੂ ਨੇ ਦੋਸ਼ ਲਾਇਆ ਕਿ ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਕਰ ਕੇ ਮੌੜ ਬੰਬ ਕਾਂਡ ਦੀ ਜਾਂਚ ਜਾਣ-ਬੁੱਝ ਕੇ ਸਿਰੇ ਨਹੀਂ ਚੜ੍ਹਾਈ ਗਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ, ਪਾਕਿਸਤਾਨ ਸਮੇਤ ਦੇਸ਼ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਹਨ ਤੇ ਦੂਜੇ ਪਾਸੇ ਆਪਣੇ ਸਰਹੱਦੀ ਸੂਬੇ ਦੀ ਦਿਨ ਪ੍ਰਤੀ ਦਿਨ ਨਿਘਰਦੀ ਜਾ ਰਹੀ ਕਾਨੂੰਨ ਵਿਵਸਥਾ ਨੂੰ ਬਤੌਰ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਸੁਧਾਰਨ ’ਚ ਬੁਰੀ ਤਰ੍ਹਾਂ ਫ਼ੇਲ੍ਹ ਰਹੇ ਹਨ।

Leave a Reply

Your email address will not be published. Required fields are marked *