ਅਫ਼ਗ਼ਾਨਿਸਤਾਨ ’ਚੋਂ ਅਮਰੀਕੀ ਫੌਜਾਂ ਕੱਢਣ ਦਾ ਫੈਸਲਾ ਸਹੀ ਸੀ: ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਅਫ਼ਗ਼ਾਨਿਸਤਾਨ ’ਚੋਂ ਅਮਰੀਕੀ ਫੌਜਾਂ ਨੂੰ ਵਾਪਸ ਸੱਦਣ ਦਾ ਉਨ੍ਹਾਂ ਦਾ ਫੈਸਲਾ ਬਿਲਕੁਲ ਸਹੀ ਸੀ ਤੇ ਉਹ ਅੱਜ ਵੀ ਆਪਣੇ ਇਸ ਫੈਸਲੇ ’ਤੇ ਕਾਇਮ ਹਨ। ਅਮਰੀਕੀ ਸਦਰ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਮੌਜੂਦਾ ਸੰਕਟ ਲਈ ਅਫ਼ਗ਼ਾਨ ਲੀਡਰਸ਼ਿਪ ਜ਼ਿੰਮੇਵਾਰ ਹੈ, ਜੋ ਬਿਨਾਂ ਲੜੇ ਹੀ ਮੈਦਾਨ ਛੱਡ ਗਈ। ਉਨ੍ਹਾਂ ਅਫ਼ਗ਼ਾਨਿਸਤਾਨ ’ਚੋਂ ਆ ਰਹੀਆਂ ਤਸਵੀਰਾਂ ਨੂੰ ਝੰਜੋੜ ਦੇਣ ਵਾਲੀਆਂ ਕਰਾਰ ਦਿੱਤਾ ਹੈ।

ਬਾਇਡਨ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਕਿਹਾ, ‘‘ਮੈਂ ਆਪਣੇ ਫੈਸਲੇ ਦੀ ਜ਼ਿੰਮੇਵਾਰੀ ਲੈਂਦਾ ਹਾਂ। ਵੀਹ ਸਾਲਾਂ ਮਗਰੋਂ ਮੈਨੂੰ ਇਹ ਪਤਾ ਲੱਗਾ ਕਿ ਅਮਰੀਕੀ ਫੌਜਾਂ ਨੂੰ ਉਥੋਂ (ਅਫ਼ਗ਼ਾਨਿਸਤਾਨ) ਕੱਢਣ ਦਾ ਕਦੇ ਕੋਈ ਸਹੀਂ ਸਮਾਂ ਨਹੀਂ ਸੀ। ਇਹੀ ਵਜ੍ਹਾ ਹੈ ਕਿ ਅਸੀਂ ਅਜੇ ਵੀ ਉਥੇ ਮੌਜੂਦ ਸੀ। ਸਾਨੂੰ ਜੋਖ਼ਮਾਂ ਬਾਰੇ ਸਾਫ ਪਤਾ ਸੀ। ਅਸੀਂ ਹਰ ਖ਼ਤਰੇ ਲਈ ਤਿਆਰ ਸੀ। ਪਰ ਮੈਂ ਅਮਰੀਕੀ ਲੋਕਾਂ ਨਾਲ ਹਮੇਸ਼ਾ ਇਹ ਵਾਅਦਾ ਕੀਤਾ ਸੀ ਕਿ ਮੈਂ ਉਨ੍ਹਾਂ ਤੋਂ ਕੁਝ ਨਹੀਂ ਲੁਕਾਵਾਂਗਾ।’’ ਅਮਰੀਕੀ ਸਦਰ ਨੇ ਕਿਹਾ, ‘‘ਸੱਚ ਸਾਡੇ ਅਨੁਮਾਨਾਂ ਨਾਲੋਂ ਵੱਧ ਜਲਦੀ ਸਾਹਮਣੇ ਆ ਗਿਆ। ਅਫ਼ਗ਼ਾਨਿਸਤਾਨ ਦੇ ਸਿਆਸੀ ਆਗੂਆਂ ਨੇ ਹਥਿਆਰ ਸੁੱਟ ਦਿੱਤੇ ਤੇ ਮੁਲਕ ’ਚੋਂ ਭੱਜ ਗਏ। ਅਫ਼ਗ਼ਾਨ ਫੌਜ ਨੇ ਬਿਨਾਂ ਲੜੇ ਹੀ ਮੈਦਾਨ ਛੱਡ ਦਿੱਤਾ। ਪਿਛਲੇ ਇਕ ਹਫ਼ਤੇ ਦੀਆਂ ਘਟਨਾਵਾਂ ਨੂੰ ਵੇਖਦਿਆਂ ਅਮਰੀਕੀ ਫੌਜਾਂ ਦਾ ਅਫ਼ਗ਼ਾਨਿਸਤਾਨ ਛੱਡਣ ਦਾ ਫੈਸਲਾ ਸਹੀ ਸੀ।’’

ਬਾਇਡਨ ਨੇ ਕਿਹਾ, ‘‘ਅਸੀਂ ਖਰਬਾਂ ਡਾਲਰ ਖਰਚੇ ਹਨ। ਅਸੀਂ ਤਿੰਨ ਲੱਖ ਦੇ ਕਰੀਬ ਨਫ਼ਰੀ ਵਾਲੀ ਅਫ਼ਗ਼ਾਨ ਫੌਜ ਨੂੰ ਸਿਖਲਾਈ ਦਿੱਤੀ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ। ਸਾਡੇ ਨਾਟੋ ਭਾਈਵਾਲਾਂ ਕੋਲ ਵੀ ਅਜਿਹੀਆਂ ਫੌਜਾਂ ਨਹੀਂ ਸਨ। ਅਸੀਂ ਉਨ੍ਹਾਂ ਦੀ ਹਵਾਈ ਫੌਜ ਦੀ ਸਾਂਭ ਸੰਭਾਲ ਕੀਤੀ, ਉਨ੍ਹਾਂ ਦੀਆਂ ਤਨਖਾਹਾਂ ਦੀ ਅਦਾਇਗੀ ਕੀਤੀ। ਅਸੀਂ ਉਨ੍ਹਾਂ ਨੂੰ ਆਪਣਾ ਭਵਿੱਖ ਬਣਾਉਣ ਲਈ ਹਰ ਮੌਕਾ ਦਿੱਤਾ, ਪਰ ਅਸੀਂ ਉਨ੍ਹਾਂ ਨੂੰ ਆਪਣੇ ਭਵਿੱਖ ਲਈ ਲੜਨ ਦੀ ਇੱਛਾ ਸ਼ਕਤੀ ਨਹੀਂ ਦੇ ਸਕੇ।’’ ਅਮਰੀਕੀ ਸਦਰ ਨੇ ਅਫ਼ਗ਼ਾਨਿਸਤਾਨ ਦੇ ਆਪਣੇ ਹਮਰੁਤਬਾ ਅਸ਼ਰਫ਼ ਗਨੀ ਤੇ ਚੇਅਰਮੈਨ ਅਬਦੁੱਲਾ ਨਾਲ ਇਸ ਸਾਲ ਜੂਨ ਵਿੱਚ ਵ੍ਹਾਈਟ ਹਾਊਸ ਵਿੱਚ ਹੋਈ ਮੁਲਾਕਾਤਾਂ ਨੂੰ ਵੀ ਯਾਦ ਕੀਤਾ। ਬਾਇਡਨ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਅਮਰੀਕਾ ਵੱਲੋਂ ਬੀਤੇ ਵਿੱਚ ਕੀਤੀਆਂ ਗ਼ਲਤੀਆਂ ਨੂੰ ਨਹੀਂ ਦੁਹਰਾਉਣਗੇ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਗ਼ਲਤੀਆਂ ਨੂੰ ਦੁਹਰਾਅ ਨਹੀਂ ਸਕਦੇ ਕਿਉਂਕਿ ਸਾਡੇ ਕੁਲ ਆਲਮ ਨਾਲ ਕੁਝ ਅਹਿਮ ਹਿੱਤ ਜੁੜੇ ਹੋਏ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।’’ -ਪੀਟੀਆਈ

‘ਅਮਰੀਕੀ ਅਮਲੇ ’ਤੇ ਹਮਲਾ ਕੀਤਾ ਤਾਂ ਤਾਲਿਬਾਨ ਨੂੰ ਪੂਰੀ ਤਾਕਤ ਨਾਲ ਜਵਾਬ ਮਿਲੇਗਾ’

ਵਾਸ਼ਿੰਗਟਨ:ਅਮਰੀਕੀ ਸਦਰ ਜੋਅ ਬਾਇਡਨ ਨੇ ਅਫ਼ਗ਼ਾਨਿਸਤਾਨ ’ਤੇ ਕਾਬਜ਼ ਹੋਏ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਮੁਲਕ ਵਿੱਚ ਮੌਜੂਦ ਅਮਰੀਕੀ ਅਮਲੇ ’ਤੇ ਹਮਲਾ ਕੀਤਾ ਜਾਂ ਉਥੋਂ ਅਮਰੀਕੀ ਫੌਜ ਦੀ ਰੁਖ਼ਸਤਗੀ ਨਾਲ ਜੁੜੇ ਅਪਰੇਸ਼ਨਾਂ ’ਚ ਕੋਈ ਅੜਿੱਕਾ ਪਾਇਆ ਤਾਂ ਤਾਲਿਬਾਨ ਨੂੰ ਬਹੁਤ ਜਲਦੀ ਤੇ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ। ਬਾਇਡਨ ਨੇ ਕਿਹਾ ਕਿ ਜੋ ਕੁਝ ਹੁਣ ਹੋ ਰਿਹੈ, ਉਹ ਪੰਜ ਸਾਲ ਪਹਿਲਾਂ ਜਾਂ ਅਗਲੇ 15 ਸਾਲਾਂ ਵਿੱਚ ਬਹੁਤ ਸੌਖਿਆਂ ਕੀਤਾ ਜਾ ਸਕਦਾ ਸੀ।

Leave a Reply

Your email address will not be published.