ਉੱਤਰੀ ਭਾਰਤ ਵਿੱਚ ਮੌਨਸੂਨ ਮੁੜ ਸਰਗਰਮ

ਮੌਨਸੂਨ ਉੱਤਰੀ ਭਾਰਤ ’ਚ ਭਲਕ ਤੋਂ ਮੁੜ ਸਰਗਰਮ ਹੋ ਜਾਵੇਗੀ। ਦੱਸਣਯੋਗ ਹੈ ਕਿ ਕਰੀਬ ਦੋ ਹਫ਼ਤਿਆਂ ਬਾਅਦ ਮੌਨਸੂਨ ਮੁੜ ਸਰਗਰਮ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਪੂਰਬੀ ਉੱਤਰ ਪ੍ਰਦੇਸ਼ ਤੇ ਉਤਰਾਖੰਡ ਵਿਚ 19 ਤੋਂ 21 ਅਗਸਤ ਤੱਕ ਵੱਖ-ਵੱਖ ਥਾਈਂ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਯੂਪੀ ਵਿਚ 20-21 ਅਗਸਤ ਤੱਕ ਮੀਂਹ ਪਏਗਾ। ਉਤਰਾਖੰਡ ’ਚ ਕਈ ਥਾਵਾਂ ’ਤੇ 19 ਤੇ 20 ਅਗਸਤ ਨੂੰ ਭਰਵਾਂ ਮੀਂਹ ਪੈ ਸਕਦਾ ਹੈ। ਬਿਹਾਰ ਵਿਚ ਵੀ 20-22 ਅਗਸਤ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਗੁਜਰਾਤ, ਮਹਾਰਾਸ਼ਟਰ, ਉੜੀਸਾ, ਝਾਰਖੰਡ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਉੱਤਰ-ਪੂਰਬੀ ਭਾਰਤ ਤੇ ਸਿਕਿੱਮ ਵਿਚ ਪੈ ਰਿਹਾ ਮੀਂਹ ਭਲਕ ਤੱਕ ਜਾਰੀ ਰਹਿ ਸਕਦਾ ਹੈ। ਵਿਭਾਗ ਨੇ ਕਿਹਾ ਕਿ ਮੱਧ ਪ੍ਰਦੇਸ਼, ਤਿਲੰਗਾਨਾ ਤੇ ਛੱਤੀਸਗੜ੍ਹ ਵਿਚ 18-20 ਅਗਸਤ ਤੱਕ ਮੀਂਹ ਪਏਗਾ।

Leave a Reply

Your email address will not be published.