ਅਫ਼ਗ਼ਾਨ ਸੰਕਟ: ਦੋਹਾ ਤੋਂ ਚਾਰ ਵੱਖੋ-ਵੱਖਰੀਆਂ ਉਡਾਣਾਂ ਰਾਹੀਂ 146 ਵਿਅਕਤੀ ਭਾਰਤ ਪੁੱਜੇ
ਜੰਗ ਦੇ ਝੰਬੇ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦੇ ਕਬਜ਼ੇ ਮਗਰੋਂ ਨਿੱਤ ਵਿਗੜਦੇ ਹਾਲਾਤ ਦਰਮਿਆਨ ਭਾਰਤ ਅੱਜ ਚਾਰ ਵੱਖੋ ਵੱਖਰੀਆਂ ਉਡਾਣਾਂ ਰਾਹੀਂ ਕਤਰ ਦੀ ਰਾਜਧਾਨੀ ਦੋਹਾ ਤੋਂ ਆਪਣੇ 146 ਨਾਗਰਿਕਾਂ ਨੂੰ ਵਾਪਸ ਲੈ ਆਇਆ ਹੈ। ਨਾਟੋ ਤੇ ਅਮਰੀਕੀ ਜਹਾਜ਼ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਕੁਝ ਦਿਨ ਪਹਿਲਾਂ ਕਾਬੁਲ ਤੋਂ ਦੋਹਾ ਲਿਆਂਦਾ ਗਿਆ ਸੀ। ਦੋਹਾ ਰਸਤੇ ਵਤਨ ਪੁੱਜੇ ਭਾਰਤੀ ਨਾਗਰਿਕਾਂ ਦਾ ਇਹ ਦੂਜਾ ਬੈਚ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵਿਸ਼ੇਸ਼ ਉਡਾਣ ਰਾਹੀਂ 135 ਭਾਰਤੀਆਂ ਨੂੰ ਦੋਹਾ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਸੀ। ਦੋਹਾ ਤੋਂ ਭਾਰਤ ਪੁੱਜੀ ਵਿਸਤਾਰਾ ਦੀ ਉਡਾਣ ਵਿੱਚ 104, ਕਤਰ ਏਅਰਵੇਜ਼ ਦੀ ਉਡਾਣ ਵਿਚ 30 ਜਦੋਂਕਿ ਇੰਡੀਗੋ ਦੀ ਉਡਾਣ ਵਿਚ 11 ਭਾਰਤੀ ਨਾਗਰਿਕ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਇਕ ਵਿਅਕਤੀ ਏਅਰ ਇੰਡੀਆ ਦੀ ਉਡਾਣ ਰਾਹੀਂ ਦੇਸ਼ ਪਰਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਵੱਖੋ ਵੱਖਰੀਆਂ ਉਡਾਣਾਂ ਰਾਹੀਂ 392 ਵਿਅਕਤੀਆਂ ਨੂੰ ਵਾਪਸ ਆਪਣੇ ਮੁਲਕ ਲਿਆਂਦਾ ਸੀ। ਇਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਤੋਂ ਇਲਾਵਾ ਦੋ ਅਫ਼ਗ਼ਾਨ ਕਾਨੂੰਨਸਾਜ਼, ਉਨ੍ਹਾਂ ਦੇ ਪਰਿਵਾਰ, ਅਫ਼ਗਾਨ ਸਿੱਖ ਤੇ ਹਿੰਦੂ ਅਤੇ ਦੋ ਨੇਪਾਲੀ ਨਾਗਰਿਕ ਵੀ ਸ਼ਾਮਲ ਸਨ। ਇਨ੍ਹਾਂ ਵਿੱਚੋ ਦੋ ਉਡਾਣਾਂ ਕ੍ਰਮਵਾਰ ਦੋਹਾ ਤੇ ਤਾਜੀਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਜਦੋਂਕਿ ਤੀਜੀ ਉਡਾਣ ਕਾਬੁਲ ਤੋਂ ਸਿੱਧੀ ਦਿੱਲੀ ਨਜ਼ਦੀਕ ਹਵਾਈ ਸੈਨਾ ਦੇ ਹਿੰਡਨ ਏਅਰਬੇਸ ’ਤੇ ਉਤਰੀ ਸੀ।