ਗੰਨੇ ਦੇ ਭਾਅ ’ਤੇ ਮੀਟਿੰਗ ਰਹੀ ਬੇਸਿੱਟਾ, ਜਲੰਧਰ ’ਚ ਧਰਨਾ ਜਾਰੀ

ਚੰਡੀਗੜ੍ਹ, 

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਅੱਜ ਗੰਨੇ ਦੇ ਭਾਅ ਬਾਰੇ ਇੱਥੇ ਹੋਈ ਗਿਆਰਾਂ ਕਿਸਾਨ ਧਿਰਾਂ ਦੀ ਮੀਟਿੰਗ ਬੇਨਤੀਜਾ ਰਹੀ। ਬੇਸ਼ੱਕ ਗੰਨੇ ਦੀ ਬਕਾਇਆ ਰਾਸ਼ੀ ਬਾਰੇ ਤਾਂ ਸਹਿਮਤੀ ਬਣ ਗਈ ਪਰ ਗੰਨੇ ਦੇ ਭਾਅ ਦਾ ਮਾਮਲਾ ਦੋ ਦਿਨਾਂ ਲਈ ਹੋਰ ਲਟਕ ਗਿਆ ਹੈ। ਕਿਸਾਨ ਆਗੂਆਂ ਦੀ ਚਿਤਾਵਨੀ ਨੇ ਪੰਜਾਬ ਸਰਕਾਰ ਨੂੰ ਪੈਰੋਂ ਕੱਢ ਦਿੱਤਾ ਹੈ ਜਿਸ ਕਰਕੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਨੇ ਦੇ ਭਾਅ ’ਤੇ ਕੋਈ ਨਵਾਂ ਐਲਾਨ ਕਰ ਸਕਦੇ ਹਨ। ਮੰਗਲਵਾਰ ਨੂੰ ਮੀਟਿੰਗ ਮੁੱਖ ਮੰਤਰੀ ਨਾਲ ਹੋਵੇਗੀ। ਅੱਜ ਪਹਿਲਾਂ ਕਿਸਾਨ ਭਵਨ ਵਿਚ ਗਿਆਰਾਂ ਕਿਸਾਨ ਧਿਰਾਂ ਦੇ ਆਗੂਆਂ ਨੇ ਆਪਣੀ ਸਹਿਮਤੀ ਬਣਾਈ ਅਤੇ ਏਜੰਡਾ ਤੈਅ ਕੀਤਾ। ਚੇਤੇ ਰਹੇ ਕਿ ਕਿਸਾਨ ਧਿਰਾਂ ਵੱਲੋਂ 20 ਅਗਸਤ ਤੋਂ ਜਲੰਧਰ ਵਿਚ ਗੰਨਾ ਕਾਸ਼ਤਕਾਰਾਂ ਦੀ ਅਗਵਾਈ ਕਰ ਕੇ ਸੜਕੀ ਅਤੇ ਰੇਲ ਮਾਰਗ ਰੋਕਿਆ ਹੋਇਆ ਹੈ। ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਰੀਬ 60 ਗੱਡੀਆਂ ਨੂੰ ਵੀ ਰੇਲ ਮਾਰਗਾਂ ਤੋਂ ਬਦਲਵੇਂ ਰੂਟਾਂ ’ਤੇ ਪਾਉਣਾ ਪਿਆ ਹੈ। ਅੱਜ ਮੀਟਿੰਗ ਮਗਰੋਂ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜਲੰਧਰ ਦਾ ਧਰਨਾ ਨਿਰੰਤਰ ਜਾਰੀ ਰਹੇਗਾ ਅਤੇ ਸਰਕਾਰ ਨੇ ਗੰਨੇ ਦਾ ਭਾਅ ਨਾ ਵਧਾਇਆ ਤਾਂ ਸੰਘਰਸ਼ ਨੂੰ ਪੂਰੇ ਪੰਜਾਬ ’ਚ ਲਿਜਾਇਆ ਜਾਵੇਗਾ।

ਸਹਿਕਾਰਤਾ ਮੰਤਰੀ ਨਾਲ ਮੀਟਿੰਗ ਵਿਚ ਮਨਜੀਤ ਸਿੰਘ ਰਾਏ ਨੇ ਪੰਜਾਬ ਸਰਕਾਰ ਦੇ ਪੁਰਾਣੇ ਵਾਅਦੇ ਚੇਤੇ ਕਰਾਏ ਅਤੇ ਸਰਕਾਰੀ ਵਿਹਾਰ ਨੂੰ ਲੈ ਕੇ ਗ਼ਿਲਾ ਜ਼ਾਹਿਰ ਕੀਤਾ। ਉਨ੍ਹਾਂ ਮੀਟਿੰਗ ਵਿਚ ਕਿਹਾ ਕਿ ਸਰਕਾਰ ਨੇ 2017 ਵਿਚ ਵਾਅਦਾ ਕੀਤਾ ਕਿ ਹਰ ਵਰ੍ਹੇ ਗੰਨੇ ਦਾ ਭਾਅ ਵਧੇਗਾ ਅਤੇ ਮੁੱਖ ਮੰਤਰੀ ਨੇ 29 ਸਤੰਬਰ 2020 ਨੂੰ ਵਾਅਦਾ ਕੀਤਾ ਕਿ ਹਫ਼ਤੇ ਵਿਚ ਗੰਨੇ ਦਾ ਭਾਅ ਐਲਾਨ ਦਿੱਤਾ ਜਾਵੇਗਾ ਪਰ ਚਾਰ ਸਾਲਾਂ ਮਗਰੋਂ ਹੁਣ ਗੰਨੇ ਦਾ ਭਾਅ ਸਿਰਫ਼ 15 ਰੁਪਏ ਵਧਾਇਆ ਗਿਆ ਹੈ ਜੋ ਗੰਨਾ ਕਾਸ਼ਤਕਾਰਾਂ ਨਾਲ ਬੇਇਨਸਾਫ਼ੀ ਹੈ। ਬੀ.ਕੇ.ਯੂ (ਰਾਜੇਵਾਲ) ਦੇ ਬਲਬੀਰ ਸਿੰਘ ਰਾਜੇਵਾਲ ਨੇ ਮੀਟਿੰਗ ਵਿਚ ਕਿਹਾ ਕਿ ਗੰਨੇ ਦਾ ਲਾਗਤ ਮੁੱਲ 392 ਰੁਪਏ ਬਣਦਾ ਹੈ ਅਤੇ ਸਰਕਾਰ ਨੂੰ 400 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਲਾਗਤ ਮੁੱਲ ਦੇ ਲਿਹਾਜ਼ ਨਾਲ ਭਾਅ ਦਿੱਤਾ ਜਾਵੇ ਅਤੇ ਕਾਸ਼ਤਕਾਰਾਂ ਦੇ ਬਕਾਏ ਵੀ ਜਾਰੀ ਕੀਤੇ ਜਾਣ। ਮੀਟਿੰਗ ਵਿਚ ਬੀ.ਕੇ.ਯੂ (ਏਕਤਾ) ਦੇ ਜਗਜੀਤ ਸਿੰਘ ਡੱਲੇਵਾਲ, ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਸੰਧੂ, ਹਰਮੀਤ ਕਾਦੀਆਂ ਅਤੇ ਹਰਿੰਦਰ ਲੱਖੋਵਾਲ ਆਦਿ ਵੀ ਸਨ। ਗੰਨਾ ਮਾਹਿਰ ਡਾ. ਗੁਲਜ਼ਾਰ ਸਿੰਘ ਨੇ ਮੀਟਿੰਗ ਵਿਚ ਰਿਪੋਰਟ ਪੇਸ਼ ਕੀਤੀ ਕਿ ਗੰਨੇ ਦਾ ਭਾਅ ਮੁੱਲ 350 ਰੁਪਏ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗੰਨੇ ਦੇ ਬਕਾਏ 15 ਦਿਨਾਂ ਵਿਚ ਕਿਸਾਨਾਂ ਨੂੰ ਮਿਲ ਜਾਣਗੇ। ਰੰਧਾਵਾ ਨੇ ਮੀਟਿੰਗ ਮਗਰੋਂ ਕਿਹਾ ਕਿ ਕਿਸਾਨ ਆਗੂਆਂ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਹੈ ਅਤੇ ਹਰ ਪਹਿਲੂ ਤੇ ਵਿਚਾਰ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਦੁਬਾਰਾ ਮੀਟਿੰਗ ਹੋਵੇਗੀ ਜਿਸ ਵਿਚ ਆਖ਼ਰੀ ਸਹਿਮਤੀ ਬਣਾਈ ਜਾਵੇਗੀ।

ਕਿਸਾਨ ਆਗੂਆਂ ਨੇ ਮੀਟਿੰਗ ਵਿਚ ਗਿਲਾ ਜ਼ਾਹਿਰ ਕੀਤਾ ਕਿ ਗੰਨੇ ਦਾ ਭਾਅ ਤੈਅ ਕਰਨ ਬਾਰੇ ਸਰਕਾਰ ਤਰਫ਼ੋਂ ਜੋ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ’ਚ ਪ੍ਰਾਈਵੇਟ ਗੰਨਾ ਮਾਲਕਾਂ ਨੂੰ ਤਾਂ ਸ਼ਾਮਿਲ ਕਰ ਲਿਆ ਜਾਂਦਾ ਹੈ ਪਰ ਗੰਨਾ ਕਾਸ਼ਤਕਾਰਾਂ ਦੇ ਨੁਮਾਇੰਦੇ ਸ਼ਾਮਿਲ ਨਹੀਂ ਕੀਤੇ ਜਾਂਦੇ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਨਿਆਂ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਖੇਤੀ ਮਹਿਕਮੇ ਦੇ ਅਧਿਕਾਰੀ ਵੀ ਮੌਜੂਦ ਸਨ।

ਕਿਸਾਨ ਧਿਰਾਂ ਦੀ ਜਲੰਧਰ ਿਵੱਚ ਗੰਨਾ ਮਾਹਿਰਾਂ ਨਾਲ ਮੀਟਿੰਗ ਅੱਜ

ਲਾਗਤ ਮੁੱਲ ਨੂੰ ਲੈ ਕੇ ਮੀਟਿੰਗ ਵਿਚ ਲੰਮੀ ਚਰਚਾ ਹੋਈ ਅਤੇ ਅਖੀਰ ਭਲਕੇ ਜਲੰਧਰ ਵਿਚ ਕਿਸਾਨ ਧਿਰਾਂ ਦੀ ਗੰਨਾ ਮਾਹਿਰਾਂ ਨਾਲ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਲਾਗਤ ਮੁੱਲ ਲੈ ਕੇ ਰੂਪ ਰੇਖਾ ਬਣੇਗੀ।

Leave a Reply

Your email address will not be published.