15 ਸਾਲਾ ਲੜਕੀ ਨੇ ਦਿਖਾਈ ਦਲੇਰੀ, ਪਰ ਕੱਟਿਆ ਗਿਆ ਹੱਥ

ਜਲੰਧਰ: ਜਲੰਧਰ ਤੋਂ ਇੱਕ 15 ਸਾਲਾ ਲੜਕੀ ਕੁਸੁਮ ਦੀ ਦਲੇਰੀ ਦੀ ਖ਼ਬਰ ਸਾਹਮਣੇ ਆਈ ਹੈ। ਕੁਸੁਮ ਨੇ ਲੁਟੇਰਿਆਂ ਨੂੰ ਆਪਣੀ ਜਾਨ ‘ਤੇ ਖੇਡ ਕੇ ਕਾਬੂ ਕੀਤਾ ਹੈ। ਦਰਅਸਲ ਜਲੰਧਰ ਦੇ ਦੀਨਉਪਾਧਿਆਏ ਨਗਰ ਵਿੱਚ ਕੁਸੁਮ ਟਿਊਸ਼ਨ ਪੜ੍ਹਨ ਜਾ ਰਹੀ ਸੀ ਕਿ ਅਚਾਨਕ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਉਸ ਦਾ ਫੋਨ ਖੋਹ ਕੇ ਭੱਜਣ ਲੱਗੇ। ਕੁਸੁਮ ਨੇ ਲੁਟੇਰਿਆਂ ਦਾ ਜੰਮ ਕੇ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਭੱਜਣ ਨਹੀਂ ਦਿੱਤਾ। ਹਾਲਾਂਕਿ ਮੋਟਰਸਾਈਕਲ ‘ਤੇ ਸਵਾਰ ਇਕ ਲੁਟੇਰਾ ਭੱਜਣ ‘ਚ ਕਾਮਯਾਬ ਹੋ ਗਿਆ ਪਰ ਦੂਜੇ ਨੂੰ ਕਾਬੂ ਕਰ ਲਿਆ ਗਿਆ। ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਕੁਸੁਮ ‘ਤੇ ਹਮਲਾ ਵੀ ਕੀਤਾ ਇਸ ਹਮਲੇ ਵਿੱਚ ਕੁਸੁਮ ਦਾ ਹੱਥ ਵੀ ਕੱਟਿਆ ਗਿਆ।

 

ਦਰਅਸਲ ਕੁਸੁਮ ਟਿਉਸ਼ਨ ਪੜ੍ਹਨ ਲਈ ਜਾ ਰਹੀ ਸੀ ਤਾਂ ਅਚਾਨਕ ਉਸ ਨੇ ਆਪਣਾ ਫੋਨ ਕੱਢਿਆ ਪਰ ਪਹਿਲਾਂ ਤੋਂ ਲੁੱਟ ਦੀ ਫ਼ਿਰਾਕ ‘ਚ ਆਏ ਲੁਟੇਰਿਆਂ ਨੇ ਉਸ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ।  ਕੁਸੁਮ ਨੇ ਆਪਣਾ ਫੋਨ ਨਹੀਂ ਛੱਡਿਆ। ਬਹਾਦਰ ਲੜਕੀ ਦੀ ਬਹਾਦਰੀ ਦੀਆਂ ਇਹ ਤਸਵੀਰਾਂ ਨਾਲ ਹੀ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਕੁਸੁਮ ਨੇ ਹਿੰਮਤ ਦਿਖਾਉਂਦੇ ਹੋਏ ਆਪਣਾ ਫੋਨ ਵੀ ਬਚਾਇਆ ਨਾਲ ਹੀ ਲੁਟੇਰੇ ਨੂੰ ਵੀ ਕਾਬੂ ਕਰ ਲਿਆ। ਕੁਝ ਹੀ ਪਲਾਂ ਵਿੱਚ ਕੁਸੁਮ ਦਾ ਰੌਲਾ ਸੁਣ ਕੇ ਆਲੇ ਦੁਆਲੇ ਦੇ ਲੋਕਾਂ ਨੇ ਇਸ ਲੁਟੇਰੇ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

 

ਕੁਸੁਮ ਦਾ ਜਲੰਧਰ ਦੇ ਜੋਸ਼ੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਹੁਣ ਉਸ ਦੀ ਹਾਲਤ ਖਤਰੇ ਤੋ ਬਾਹਰ ਹੈ। ਡਾਕਟਰਾਂ ਨੇ ਉਸ ਦੇ ਹੱਥ ਦੀ ਸਰਜਰੀ ਕਰ ਦਿੱਤੀ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜਲਦ ਕੁਸੁਮ ਦੇ ਹੱਥ ਦੀ ਮੂਵਮੈਂਟ ਲਈ ਉਸ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ।

 

 

 

ਡਾਕਟਰਾਂ ਨੇ ਕੁਸੁਮ ਦੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਉਸ ਦਾ ਇਲਾਜ ਵੀ ਮੁਫਤ ਕੀਤਾ ਹੈ।  ਪੁਲਿਸ ਅਧਿਕਾਰੀ ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਲੁਟੇਰੇ (ਆਸ਼ੂ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਤੇ ਐਫਆਈਆਰ ਦਰਜ ਕਰਕੇ ਧਾਰਾ 379 , 34 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਦੂਜੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ  ਹੈ।

 

Leave a Reply

Your email address will not be published.