ਪਟਿਆਲਾ ’ਚ ਇੰਦਰ ਤੇ ਅਮਰਿੰਦਰ ਅੱਗੇ ਡਟੇ ਸਰਪੰਚ

ਸਰਪੰਚਾਂ ਅਤੇ ਪੰਚਾਂ ਨੂੰ ਮਾਣ ਭੱਤਾ ਦਿਵਾਉਣ ਤੇ ਸਰਕਾਰੇ-ਦਰਬਾਰੇ ਬਣਦਾ ਮਾਣ ਸਨਮਾਨ ਯਕੀਨੀ ਬਣਾਉਣ ਸਮੇਤ ਹੋਰਨਾਂ ਮੰਗਾਂ ਦੀ ਪੂਰਤੀ ਲਈ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਪੁੱਡਾ ਗਰਾਊਂਡ ਵਿੱਚ ਸ਼ੁਰੂ ਕੀਤਾ ਦੋ ਰੋਜ਼ਾ ਧਰਨਾ ਅੱਜ ਇਥੇ ਮੀਂਹ ਵਿਚ ਵੀ ਜਾਰੀ ਰਿਹਾ। ਮੰਚ ਤੋਂ ਕੀਤੇ ਐਲਾਨ ਮੁਤਾਬਕ ਇਸ ਧਰਨੇ ਮਗਰੋਂ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਵੀ ਕੀਤਾ ਜਾਵੇਗਾ। ਪੰਚਾਇਤ ਯੂਨੀਅਨ ਦੇ ਸੂਬਾਈ ਆਗੂ ਚਮਕੌਰ ਸਿੰਘ ਭੰਗੂ ਨੇ ਦੱਸਿਆ ਕਿ ਇਹ ਧਰਨਾ ਭਲਕੇ 24 ਅਗਸਤ ਨੂੰ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਧਰਨੇ ਤੋਂ ਬਾਅਦ ਕੱਲ੍ਹ ਨੂੰ ਵੀ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕੀਤਾ ਜਾਵੇਗਾ। ਅੱਜ ਦੇ ਧਰਨੇ ਮਗਰੋਂ ਸਰਪੰਚਾਂ ਦਾ ਇਹ ਕਾਫ਼ਲਾ ਮੀਂਹ ਪੈਂਦੇ ਵਿੱਚ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਊ ਮੋਤੀ ਬਾਗ ਪੈਲੇਸ ਵੱਲ ਰਵਾਨਾ ਹੋ ਗਿਆ ਇਸ ਦੌਰਾਨ ਪੁਲੀਸ ਫੋਰਸ ਵੀ ਮੌਜੂਦ ਸੀ ਤੇ ਮੁੱਖ ਮੰਤਰੀ ਨਿਵਾਸ ਦੇ ਦੁਆਲੇ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹੋਏ ਹਨ। ਪੁਲੀਸ ਵੱਲੋਂ ਸਰਪੰਚਾਂ ਨੂੰ ਰਸਤੇ ਵਿੱਚ ਹੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *