ਕਾਬੁਲ ਦੇ ਗੁਰਦੁਆਰੇ ’ਚ ਪਨਾਹ ਲੈਣ ਵਾਲੇ 260 ਤੋਂ ਵੱਧ ਅਫ਼ਗ਼ਾਨ ਸਿੱਖਾਂ ਨੂੰ ਮਦਦ ਦੀ ਉਡੀਕ

ਵਾਸ਼ਿੰਗਟਨ, 

ਅਮਰੀਕੀ ਸਿੱਖ ਸੰਸਥਾ ‘ਯੂਨਾਈਟਿਡ ਸਿੱਖਸ’ ਨੇ ਦਾਅਵਾ ਕੀਤਾ ਹੈ ਕਿ ਕਾਬੁਲ ਦੇ ਗੁਰਦੁਆਰਾ ‘ਕਰਤੇ ਪਰਵਾਨ’ ਵਿੱਚ ਪਨਾਹ ਲਈ ਬੈਠੇ 260 ਤੋਂ ਵੱਧ ਅਫ਼ਗ਼ਾਨ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਬਾਹਰ ਨਿਕਲਣ ਲਈ ਮਦਦ ਦੀ ਉਡੀਕ ਹੈ। ਸੰਸਥਾ ਨੇ ਇਕ ਬਿਆਨ ਵਿੱਚ ਕਿਹਾ ਕਿ ਕਾਬੁਲ ਦੇ ਇਸ ਗੁਰਦੁਆਰੇ ਵਿੱਚ 260 ਤੋਂ ਵੱਧ ਅਫ਼ਗਾਨ ਸਿੱਖ ਨਾਗਰਿਕ ਮੌਜੂਦ ਹਨ, ਜਿਨ੍ਹਾਂ ਵਿੱਚ ਔਰਤਾਂ ਤੇ 50 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਤਿੰਨ ਨਵਜੰਮੇ ਵੀ ਹਨ ਤੇ ਇਕ ਬੱਚੇ ਨੇ ਤਾਂ ਸ਼ਨਿੱਚਰਵਾਰ ਨੂੰ ਹੀ ਜਨਮ ਲਿਆ ਹੈ। ਚੇਤੇ ਰਹੇ ਕਿ ਭਾਰਤ ਤੋਂ ਛੁੱਟ ਕਿਸੇ ਵੀ ਹੋਰ ਮੁਲਕ ਨੇ ਅਜੇ ਤੱਕ ਅਫ਼ਗ਼ਾਨ ਸਿੱਖਾਂ ਦੀ ਬਾਂਹ ਨਹੀਂ ਫੜੀ ਹੈ। ਯੂਨਾਈਟਿਡ ਸਿੱਖਸ ਨੇ ਕਿਹਾ, ‘‘ਅਸੀਂ ਅਮਰੀਕਾ, ਕੈਨੇਡਾ, ਪਾਕਿਸਤਾਨ, ਆਸਟਰੇਲੀਆ, ਨਿਊਜ਼ੀਲੈਂਡ, ਤਾਜੀਕਿਸਤਾਨ, ਇਰਾਨ ਤੇ ਯੂਕੇ ਸਮੇਤ ਕੁਝ ਹੋਰਨਾਂ ਦੇ ਸੰਪਰਕ ਵਿੱਚ ਹਾਂ। ਇਸੇ ਤਰ੍ਹਾਂ ਕੌਮਾਂਤਰੀ ਏਡ ਏਜੰਸੀਆਂ ਤੇ ਗੈਰਸਰਕਾਰੀ ਜਥੇਬੰਦੀਆਂ (ਐੱਨਜੀਓਜ਼) ਨਾਲ ਵੀ ਰਾਬਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤਾਂ ਕਿ ਅਫ਼ਗਾਨਿਸਤਾਨ ਵਿੱਚ ਰਾਹਤ ਕਾਰਜ ਯਕੀਨੀ ਬਣਾਏ ਜਾ ਸਕਣ। ਅਮਰੀਕੀ ਸੰਸਥਾ ਮੁਤਾਬਕ ਗੁਰਦੁਆਰਾ ਕਰਤੇ ਪਰਵਾਨ ਤੋਂ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਦਾ ਫ਼ਾਸਲਾ 10 ਕਿਲੋਮੀਟਰ ਦਾ ਹੈ, ਪਰ ਰਸਤੇ ਵਿੱਚ ਤਾਲਿਬਾਨ ਲੜਾਕਿਆਂ ਵੱਲੋਂ ਲਾਏ ਨਾਕੇ ਸਭ ਤੋਂ ਵੱਡੀ ਚੁਣੌਤੀ ਹੈ। ਗੁਰਦੁਆਰੇ ’ਚ ਪਨਾਹ ਲਈ ਬੈਠੇ ਜਲਾਲਾਬਾਦ ਨਾਲ ਸਬੰਧਤ ਸੁਰਬੀਰ ਸਿੰਘ ਨੇ ਕਿਹਾ, ‘‘ਅਸੀਂ ਹਵਾਈ ਅੱਡੇ ’ਤੇ ਜਾਣ ਲਈ ਤਿਆਰ ਹਾਂ, ਪਰ ਸਾਨੂੰ ਡਰ ਹੈ ਕਿ ਕਿਤੇ ਕਾਬੁਲ ਹਵਾਈ ਅੱਡੇ ’ਤੇ ਉਡਾਣਾਂ ਰੱਦ ਨਾ ਹੋ ਜਾਣ। ਕਿਉਂਕਿ ਔਰਤਾਂ, ਬੱਚਿਆਂ, ਬਜ਼ੁਰਗਾਂ ਤੇ ਬਾਲਾਂ ਨੂੰ ਮੁਲਕ ’ਚੋਂ ਬਾਹਰ ਕੱਢਣ ਦਾ ਇਹੀ ਸਾਡੇ ਕੋਲ ਇਕ ਮੌਕਾ ਹੋਵੇਗਾ। ਇਕ ਵਾਰੀ ਮੌਜੂਦਾ ਹੁਕਮਰਾਨਾਂ (ਤਾਲਿਬਾਨ) ਨੇ ਪੂਰੇ ਮੁਲਕ ’ਤੇ ਕਬਜ਼ਾ ਕਰ ਲਿਆ, ਇਹ ਸਾਡੇ ਭਾਈਚਾਰੇ ਦਾ ਅੰਤ ਹੋਵੇਗਾ।’’

Leave a Reply

Your email address will not be published. Required fields are marked *