ਅਸੀਂ ਰੂਸ ਵਿੱਚ ਅਫ਼ਗ਼ਾਨ ਦਹਿਸ਼ਤਗਰਦ ਨਹੀਂ ਚਾਹੁੰਦੇ: ਪੂਤਿਨ

ਮਾਸਕੋ

ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਫ਼ਗ਼ਾਨਿਸਤਾਨ ’ਚੋਂ ਸੁਰੱਖਿਅਤ ਕੱਢ ਕੇ ਲਿਆਂਦੇ ਲੋਕਾਂ ਨੂੰ ਰੂਸ ਨੇੜਲੇ ਮੁਲਕਾਂ ਵਿੱਚ ਭੇਜਣ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ ਹੈ। ਰੂਸੀ ਸਦਰ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ‘‘ਸ਼ਰਨਾਰਥੀਆਂ ਦੀ ਆੜ ਹੇਠ ਦਹਿਸ਼ਤਗਰਦ ਇਥੇ ਡੇਰੇ ਲਾਉਣ।’’ ਰੂਸੀ ਖ਼ਬਰ ਏਜੰਸੀਆਂ ਨੇ ਕਿਹਾ ਕਿ ਪੂਤਿਨ ਨੇ ਕੁਝ ਪੱਛਮੀ ਮੁਲਕਾਂ ਦੇ ਇਸ ਵਿਚਾਰ ਦੀ ਨੁਕਤਾਚੀਨੀ ਕੀਤੀ ਹੈ ਕਿ ਅਫ਼ਗ਼ਾਨਿਸਤਾਨ ’ਚੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਵੀਜ਼ਿਆਂ ’ਤੇ ਅਮਰੀਕਾ ਤੇ ਯੂਰੋਪ ਵੱਲੋਂ ਅਮਲੀ ਕਾਰਵਾਈ ਕੀਤੇ ਜਾਣ ਤੱਕ ਉਨ੍ਹਾਂ ਨੂੰ ਗੁਆਂਢੀ ਕੇਂਦਰੀ ਏਸ਼ਿਆਈ ਮੁਲਕਾਂ ਵਿੱਚ ਸਥਾਪਤ ਕੀਤਾ ਜਾਵੇ।

ਤਾਸ ਖ਼ਬਰ ਏਜੰਸੀ ਨੇ ਪੂਤਿਨ ਦੇ ਹਵਾਲੇ ਨਾਲ ਕਿਹਾ, ‘‘ਕੀ ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ (ਸ਼ਰਨਾਰਥੀਆਂ) ਨੂੰ ਬਿਨਾਂ ਵੀਜ਼ਿਆਂ ਦੇ ਇਨ੍ਹਾਂ ਮੁਲਕਾਂ ਵਿੱਚ ਭੇਜਿਆ ਜਾ ਸਕਦਾ ਹੈ, ਜਦੋਂਕਿ ਉਹ ਖ਼ੁਦ (ਪੱਛਮੀ ਮੁਲਕ) ਉਨ੍ਹਾਂ ਨੂੰ ਬਿਨਾਂ ਵੀਜ਼ੇ ਦੇ ਦਾਖ਼ਲਾ ਦੇਣ ਲਈ ਤਿਆਰ ਨਹੀਂ ਹਨ।’ ਰੂਸੀ ਸਦਰ ਨੇ ਕਿਹਾ, ‘‘ਸਮੱਸਿਆ ਦੇ ਹੱਲ ਲਈ ਇਹ ਕਿਹੋ ਜਿਹੀ ਦਬਾਅ ਪਾਉਣ ਵਾਲੀ ਪਹੁੰਚ ਹੈ।’’ ਰਾਇਟਰਜ਼ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਕੁਝ ਮੁਲਕਾਂ ਨਾਲ ਲੁਕਵੇਂ ਰੂਪ ਵਿੱਚ ਗੱਲਬਾਤ ਕੀਤੀ ਹੈ ਤਾਂ ਕਿ ਅਮਰੀਕੀ ਸਰਕਾਰ ਲਈ ਕੰਮ ਕਰਨ ਵਾਲੇ ਤੇ ਇਸ ਵੇਲੇ ਵੱਧ ਜੋਖ਼ਮ ਵਾਲੇ ਅਫ਼ਗ਼ਾਨਾਂ ਦੀ ਅਸਥਾਈ ਠਹਿਰ ਲਈ ਪ੍ਰਬੰਧ ਕੀਤਾ ਜਾ ਸਕੇ। ਚੇਤੇ ਰਹੇ ਕਿ ਜਿੱਥੇ ਪੱਛਮੀ ਮੁਲਕਾਂ ਵੱਲੋਂ ਲੋਕਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਕੱਢਣ ਲਈ ਦੌੜ ਭੱਜ ਕੀਤੀ ਜਾ ਰਹੀ ਹੈ, ਉਥੇ ਮਾਸਕੋ ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ’ਤੇ ਕੀਤੇ ਕਬਜ਼ੇ ਦੀ ਲਗਾਤਾਰ ਤਾਰੀਫ਼   ਕਰ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗਈ ਲੈਵਰੋਵ ਨੇ ਕਿਹਾ ਕਿ ਤਾਲਿਬਾਨ ਨੇ ਹੁਣ ਤੱਕ ਆਪਣੇ ਕੌਲ ਕਰਾਰਾਂ ਨੂੰ ਪੂਰਾ ਕੀਤਾ ਹੈ।

Leave a Reply

Your email address will not be published.