ਭਾਰਤੀ ਵਾਲੀਵਾਲ ਟੀਮ ਵਿਚ ਮਾਨਸਾ ਦੇ ਮੁੰਡੇ ਦੀ ਚੋਣ

ਮਾਨਸਾ

ਮਾਨਸਾ ਸ਼ਹਿਰ ਦੇ ਜੰਮਪਲ ਜੋਸ਼ਨੂਰ ਢੀਂਡਸਾ ਸਪੁੱਤਰ ਸੁਖਵਿੰਦਰ ਸਿੰਘ ਦੀ ਭਾਰਤੀ ਵਾਲੀਬਾਲ ਟੀਮ ਵਿਚ ਚੋਣ ਹੋ ਗਈ ਹੈ।ਇਹ ਟੀਮ ਵਿਸ਼ਵ ਚੈਂਪੀਅਨਸ਼ਿਪ (ਅੰਡਰ-19) ਖੇਡਣ ਲਈ ਜਾਵੇਗੀ, ਜੋ ਕਿ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ 24 ਅਗਸਤ ਤੋਂ ਲੈਕੇ 2 ਸਤੰਬਰ ਤੱਕ ਹੋ ਰਹੀ ਹੈ। ਇਹ ਮਾਨਸਾ ਦਾ ‘ਮਾਣ’, ਉਸ ਇੰਡੀਆ ਟੀਮ ਦੀ ਅਗਵਾਈ ਕਰੇਗਾ।ਇਸ ਚੈਪੀਅਨਸ਼ਿਪ ਲਈ ਪਿਛਲੇ ਜੁਲਾਈ-2021 ਨੂੰ ਟਰਾਇਲ ਭੁਬਨੇਸ਼ਵਰ ਵਿਖੇ ਹੋਏ ਸੀ, ਜਿਸ ਵਿੱਚ ਤਕਰੀਬਨ ਭਾਰਤ ਭਰ ਦੇ ਲਗਭਗ 300 ਵਾਲੀਵਾਲ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਉਸ ਵਿਚੋਂ ਕੈਂਪ ਲਈ ਸਿਰਫ 20 ਖਿਡਾਰੀ ਹੀ ਚੁਣੇ ਗਏ ਸਨ। ਜੋਸ਼ਨੂਰ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਕੈਂਪ ਵਿਚ ਬੇਸ਼ੱਕ ਪੰਜਾਬ ਦੇ ਦੋ ਖਿਡਾਰੀ ਹੀ ਚੁਣੇ ਗਏ ਹਨ, ਭਾਰਤੀ ਟੀਮ ਵਿਚ ਜੋਸ਼ਨੂਰ ਇਕੱਲਾ ਹੀ ਸਿਲੈਕਟ ਹੋਇਆ ਹੈ। ਉਸ ਦਾ ਕੱਦ 6 ਫੁੱਟ 7 ਇੰਚ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜੋਸ਼ਨੂਰ ਨੂੰ ਉਸ ਦੇ ਪਟਿਆਲਾ ਸਥਿਤ ਕੋਚ ਚਮਨ ਸਿੰਘ ਸਰਾਉ ਨੇ ਪੋਲੋ ਗਰਾਊਂਡ ਵਿੱਚ ਬਹੁਤ ਮਿਹਨਤ ਨਾਲ ਤਰਾਸ਼ਿਆ ਹੈ, ਜਿਸ ਦੀ ਮਿਹਨਤ ਨੂੰ ਉਹ ਸਲਾਮ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫ਼ਰ ਨੇ ਵੀ ਜੋਸ਼ਨੂਰ ਨੂੰ ਹਮੇਸ਼ਾ ਹੌਂਸਲਾ ਦੇ ਕੇ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ,ਜਿਨ੍ਹਾਂ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਜੋਸ਼ਨੂਰ ਦੀ ਭਾਰਤੀ ਟੀਮ ਵਿਚ ਚੋਣ ਹੋਣ ਤੋਂ ਬਾਅਦ ਹੁਣ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

Leave a Reply

Your email address will not be published. Required fields are marked *