ਫੈਡਰਲ ਚੋਣਾਂ ਦੀ ਬਹਿਸ ਵਿੱਚ ਮੈਕਸਿਮ ਬਰਨੀਅਰ ਦੀ ਪਾਰਟੀ ਨੂੰ ਨਹੀਂ ਦਿੱਤਾ ਗਿਆ ਸੱਦਾ

ਓਟਵਾ,: ਪੀਪਲਜ਼ ਪਾਰਟੀ ਆਫ ਕੈਨੇਡਾ (ਪੀ ਪੀ ਸੀ) ਦੇ ਆਗੂ ਮੈਕਸਿਮ ਬਰਨੀਅਰ ਨੂੰ ਫੈਡਰਲ ਚੋਣਾਂ ਲਈ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਜਾਣਕਾਰੀ ਚੋਣ ਈਵੈਂਟਸ ਦੀ ਨਿਗਰਾਨੀ ਕਰਨ ਵਾਲੇ ਕਮਿਸ਼ਨ ਨੇ ਦਿੱਤੀ।
ਇੱਕ ਨਿਊਜ਼ ਰਲੀਜ਼ ਵਿੱਚ ਲੀਡਰਜ਼ ਡਿਬੇਟਸ ਕਮਿਸ਼ਨ ਨੇ ਆਖਿਆ ਕਿ ਬਲਾਕ ਕਿਊਬਿਕੁਆ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਗ੍ਰੀਨ ਪਾਰਟੀ ਆਫ ਕੈਨੇਡਾ, ਲਿਬਰਲ ਪਾਰਟੀ ਆਫ ਕੈਨੇਡਾ ਤੇ ਨਿਊ ਡੈਮਕ੍ਰੈਟਿਕ ਪਾਰਟੀ ਨੂੰ ਇਸ ਬਹਿਸ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਹੈ।ਹੁਣ ਤੱਕ ਐਨ ਡੀ ਪੀ ਤੇ ਗ੍ਰੀਨਜ਼ ਵੱਲੋਂ ਇਹ ਸੱਦਾ ਸਵੀਕਾਰ ਕੀਤਾ ਜਾ ਚੁੱਕਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਸ ਬਹਿਸ ਵਿੱਚ ਹਿੱਸਾ ਲੈਣ ਲਈ ਪਾਰਟੀਆਂ ਨੂੰ ਕੁੱਝ ਮਾਪਦੰਡ ਪੂਰੇ ਕਰਨੇ ਹੁੰਦੇ ਹਨ :
· ਜਦੋਂ ਚੋਣਾਂ ਦਾ ਸੱਦਾ ਦਿੱਤਾ ਗਿਆ ਤਾਂ ਪਾਰਟੀਆਂ ਦਾ ਘੱਟੋ ਘੱਟ ਇੱਕ ਐਮਪੀ ਹਾਊਸ ਆਫ ਕਾਮਨਜ਼ ਵਿੱਚ ਹੋਣਾ ਜ਼ਰੂਰੀ ਸੀ।
· ਪਿਛਲੀਆਂ ਆਮ ਚੋਣਾਂ ਵਿੱਚ ਪਾਰਟੀਆਂ ਦੇ ਉਮੀਦਵਾਰਾਂ ਨੂੰ ਕੁੱਲ ਪਈਆਂ ਜਾਇਜ਼ ਵੋਟਾਂ ਦਾ ਘੱਟੋ ਘੱਟ ਚਾਰ ਫੀ ਸਦੀ ਹਾਸਲ ਜ਼ਰੂਰ ਹੋਇਆ ਹੋਣਾ ਚਾਹੀਦਾ ਸੀ।
· ਅਹਿਮ ਨੈਸ਼ਨਲ ਪਬਲਿਕ ਓਪੀਨੀਅਨ ਪੋਲਿੰਗ ਆਰਗੇਨਾਈਜ਼ੇਸ਼ਨਜ਼ ਵਿੱਚ ਪਾਰਟੀਆਂ ਨੂੰ ਘੱਟੋ ਘੱਟ ਚਾਰ ਫੀ ਸਦੀ ਕੌਮੀ ਸਮਰਥਨ ਹਾਸਲ ਹੋਇਆ ਹੋਣਾ ਜ਼ਰੂਰੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਪੀ ਪੀ ਸੀ ਦਾ ਕੋਈ ਵੀ ਐਮਪੀ ਇਸ ਸਮੇਂ ਹਾਊਸ ਆਫ ਕਾਮਨਜ਼ ਵਿੱਚ ਨਹੀਂ ਹੈ ਤੇ ਕੌਮੀ ਪੱਧਰ ਉੱਤੇ ਇਸ ਪਾਰਟੀ ਨੂੰ ਸਿਰਫ 3·27 ਫੀ ਸਦੀ ਸਮਰਥਨ ਹੀ ਹਾਸਲ ਹੋਇਆ ਹੈ। ਇਹ ਬਹਿਸ ਗੈਟਿਨਿਊ, ਕਿਊਬਿਕ ਵਿੱਚ ਫਰੈਂਚ ਵਿੱਚ 8 ਸਤੰਬਰ ਨੂੰ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਵਿੱਚ ਹੋਵੇਗੀ ਤੇ ਇੰਗਲਿਸ਼ ਵਿੱਚ ਇਹ ਬਹਿਸ 9 ਸਤੰਬਰ ਨੂੰ ਹੋਵੇਗੀ।

Leave a Reply

Your email address will not be published. Required fields are marked *