ਵਿਦੇਸ਼ੀ ਫ਼ੌਜਾਂ ਦੀ ਅਫ਼ਗਾਨਿਸਤਾਨ ’ਚੋਂ 31 ਤੱਕ ਵਾਪਸੀ ਹੋਵੇ: ਤਾਲਿਬਾਨ

ਕਾਬੁਲ ਤਾਲਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ’ਚੋਂ ਵਿਦੇਸ਼ੀ ਫ਼ੌਜਾਂ ਦੀ ਵਾਪਸੀ 31 ਅਗਸਤ ਤੱਕ ਮੁਕੰਮਲ ਹੋ ਜਾਵੇ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਮੇਂ ’ਚ ਲੋਕਾਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣ ਦੇ ਮਿਸ਼ਨ ਦੀ ਮਿਆਦ ਵੀ 31 ਅਗਸਤ ਤੋਂ ਬਾਅਦ ਨਹੀਂ ਵਧਾਈ ਜਾਵੇਗੀ। ਯੂਕੇ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਲਈ 31 ਅਗਸਤ ਦੀ ਮਿਆਦ ਨੂੰ ਵਧਾਉਣ ਲਈ ਦਬਾਅ ਪਾਏ ਜਾਣ ਦੀਆਂ ਰਿਪੋਰਟਾਂ ਦਰਮਿਆਨ ਤਾਲਿਬਾਨ ਦੇ ਤਰਜਮਾਨ ਮੁਹੰਮਦ ਸੁਹੇਲ ਸ਼ਾਹੀਨ ਨੇ ਬੀਬੀਸੀ ਨੂੰ ਇਹ ਜਾਣਕਾਰੀ ਦਿੱਤੀ। ਸ਼ਾਹੀਨ ਨੇ ਕਿਹਾ,‘‘ਵਿਦੇਸ਼ੀ ਫ਼ੌਜਾਂ ਨੂੰ ਪਹਿਲਾਂ ਐਲਾਨੀ ਤਰੀਕ ’ਤੇ ਆਪਣੇ ਵਤਨ ਪਰਤ ਜਾਣਾ ਚਾਹੀਦਾ ਹੈ। ਨਹੀਂ ਤਾਂ ਇਹ ਸਿੱਧੇ ਤੌਰ ’ਤੇ ਉਲੰਘਣਾ ਹੋਵੇਗੀ।’’ ਤਰਜਮਾਨ ਨੇ ਕਿਹਾ ਕਿ ਫ਼ੌਜਾਂ ਦੀ ਅਗਵਾਈ ਕਰ ਰਹੇ ਮੁਲਕਾਂ ਨੂੰ ਇਹ ਫ਼ੈਸਲਾ ਮੰਨਣਾ ਪਵੇਗਾ। ਉਂਜ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫ਼ੌਜਾਂ ਦੀ ਵਾਪਸੀ ਹੋਣ ਮਗਰੋਂ ਕੀ ਕੌਮਾਂਤਰੀ ਉਡਾਣਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਕਿਉਂਕਿ ਹਵਾਈ ਅੱਡੇ ’ਤੇ ਅਮਰੀਕਾ ਸਮੇਤ ਨਾਟੋ ਮੁਲਕਾਂ ਦੀਆਂ ਫ਼ੌਜਾਂ ਡਟੀਆਂ ਹੋਈਆਂ ਹਨ।  ਉਧਰ ਤਾਲਿਬਾਨ ਵਿਰੋਧੀ ਤਾਕਤਾਂ ਪੰਜਸ਼ੀਰ ਵੈਲੀ ’ਚ ਇਕੱਠੀਆਂ ਹੋ ਗਈਆਂ ਹਨ। ਨੈਸ਼ਨਲ ਰਜ਼ਿਸਟੈਂਸ ਫਰੰਟ ਆਫ਼ ਅਫ਼ਗਾਨਿਸਤਾਨ ਦੇ ਅਲੀ ਨਜ਼ਾਰੀ ਨੇ ਕਿਹਾ ਕਿ ਹਜ਼ਾਰਾਂ ਲੜਾਕੇ ਅਹਿਮਦ ਮਸੂਦ ਦੀ ਅਗਵਾਈ ਹੇਠ ਇਕੱਠੇ ਹੋ ਗਏ ਹਨ। ਨਜ਼ਾਰੀ ਨੇ ਤਾਲਿਬਾਨ ਨੂੰ ਸੱਦਾ ਦਿੱਤਾ ਕਿ ਉਹ ਕਿਸੇ ਟਕਰਾਅ ਤੋਂ ਪਹਿਲਾਂ ਵਾਰਤਾ ਲਈ ਅੱਗੇ ਆਉਣ ਤਾਂ ਜੋ ਮੁਲਕ ’ਚ ਅਮਨ ਕਾਇਮ ਹੋ ਸਕੇ। ਉਨ੍ਹਾਂ ਕਿਹਾ ਕਿ ਮਸੂਦ ਦੀਆਂ ਫ਼ੌਜਾਂ ਟਾਕਰੇ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਦੇਸ਼ ’ਚ ਕੇਂਦਰੀਕ੍ਰਿਤ ਸਿਆਸੀ ਪ੍ਰਣਾਲੀ ਹੈ ਜਿਸ ਨੂੰ ਖ਼ਤਮ ਕਰਨ ਦੀ ਲੋੜ ਹੈ। ਮੁਲਕ ’ਚ ਵੱਖ ਵੱਖ ਕਬੀਲੇ ਹੋਣ ਕਰਕੇ ਸੱਤਾ ’ਚ ਹਿੱਸੇਦਾਰੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਕ ਧੜਾ ਸਿਆਸਤ ’ਚ ਆਪਣਾ ਦਾਬਾ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਇਸ ਨਾਲ ਗ੍ਰਹਿ ਯੁੱਧ ਵਰਗੇ ਹਾਲਾਤ ਪੈਦਾ ਹੋ ਜਾਣਗੇ। ਇਸ ਦੌਰਾਨ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਇਮਾਮਾਂ ਨੂੰ ਕਿਹਾ ਹੈ ਕਿ ਉਹ ਅਫ਼ਗਾਨ ਲੋਕਾਂ ਨੂੰ ਯਕੀਨ ਦਿਵਾਉਣ ਕਿ ਉਨ੍ਹਾਂ ਦੀ ਸੁਰੱਖਿਆ ਅਤੇ ਹਿਫ਼ਾਜ਼ਤ ਕੀਤੀ ਜਾਵੇਗੀ। ਉਨ੍ਹਾਂ ਅਮਰੀਕਾ ਵੱਲੋਂ ਤਾਲਿਬਾਨ ਬਾਰੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਬਾਰੇ ਵੀ ਲੋਕਾਂ ਨੂੰ ਸਮਝਾਉਣ ਲਈ ਕਿਹਾ।

Leave a Reply

Your email address will not be published. Required fields are marked *